ਕਾਂਗਰਸ ਮਾਨਸਿਕ ਤੌਰ ’ਤੇ ਦੀਵਾਲੀਆ ਹੋਈ, ਉਸਦੀ ਡੋਰ ਹੁਣ ‘ਅਰਬਨ ਨਕਸਲੀਆਂ’ ਦੇ ਹੱਥ : ਮੋਦੀ
Tuesday, Sep 26, 2023 - 04:49 PM (IST)
ਭੋਪਾਲ/ਜੈਪੁਰ, (ਏਜੰਸੀਆਂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਤੋਂ ਲੈ ਕੇ ਮਹਿਲਾ ਰਾਖਵਾਂਕਰਨ ਅਤੇ ਸਨਾਤਨ ਧਰਮ ਤੱਕ ਦੇ ਮੁੱਦੇ ’ਤੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ ਨਿਸ਼ਾਨੇ ’ਤੇ ਲਿਆ। ਭੋਪਾਲ ਵਿਚ ਭਾਜਪਾ ਵਰਕਰਾਂ ਦੇ ਮਹਾਕੁੰਭ ਤੇ ਜੈਪੁਰ ਵਿਚ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਹੁਣ ਆਪਣੀ ਇੱਛਾ ਸ਼ਕਤੀ ਗੁਆ ਚੁੱਕੀ ਹੈ। ਪਾਰਟੀ ਦੇ ਹੇਠਲੇ ਪੱਧਰ ਦੇ ਆਗੂ ਮੂੰਹ ’ਤੇ ਤਾਲੇ ਲਗਾ ਕੇ ਬੈਠ ਗਏ ਹਨ। ਪਹਿਲਾਂ ਬਰਬਾਦ ਤੇ ਹੁਣ ‘ਮਾਨਸਿਕ ਤੌਰ ’ਤੇ ਦੀਵਾਲੀਆ ਹੋ ਚੁੱਕੀ ਕਾਂਗਰਸ ਨੂੰ ਉਸਦੇ ਨੇਤਾ ਨਹੀਂ ਚਲਾ ਰਹੇ। ਉਹ ਇਕ ਅਜਿਹੀ ਕੰਪਨੀ ਬਣ ਗਈ ਹੈ ਜਿਥੇ ਹਰ ਚੀਜ਼ ‘ਆਊਟਸੋਰਸ’ ਹੋ ਰਹੀ ਹੈ। ਇਹ ਠੇਕਾ ਹੁਣ ‘ਅਰਬਨ ਨਕਸਲੀਆਂ’ ਦੇ ਹੱਥ ’ਚ ਚਲਾ ਗਿਆ ਹੈ। ਭਾਰਤ ਕੁਝ ਵੀ ਨਵਾਂ ਕਰੇ, ਕਾਂਗਰਸ ਨੂੰ ਪਸੰਦ ਨਹੀਂ ਆਉਂਦਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਘਮੰਡੀ ਗੱਠਜੋੜ ਨੇ ਐਲਾਨ ਕੀਤਾ ਹੈ ਕਿ ਉਹ ਸਨਾਤਨ ਨੂੰ ਜੜੋਂ ਮਿਟਾ ਦੇਣਗੇ। ਕੁਝ ਵੋਟਾਂ ਲਈ ਤੁਸ਼ਟੀਕਰਨ ਦੀ ਇਸ ਨੀਤੀ ਨੂੰ ਦੇਸ਼ ਚੰਗੀ ਤਰ੍ਹਾਂ ਸਮਝ ਰਿਹਾ ਹੈ। ਕਾਂਗਰਸ ਸਾਡੀ ਪਛਾਣ ਮਿਟਾਉਣ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੀਆਂ ਹਰੇਕ ਚੋਣਾਂ ਵਿਚ ਘਮੰਡੀ ਗੱਠਜੋੜ ਨੂੰ ਇਸਦਾ ਖਾਮੀਆਜਾ਼ ਚੁੱਕਣਾ ਪਵੇਗਾ, ਉਹ ਜੜਾਂ ਸਮੇਤ ਪੁੱਟੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਥੇ ਸਰੇਆਮ ਗਲਾ ਕੱਟਣ ਦੀ ਘਟਨਾ ਹੋਵੇ ਅਤੇ ਸਰਕਾਰ ਮਜਬੂਰ ਹੋਵੇ, ਅਜਿਹੇ ਹਾਲਾਤਾਂ ਵਿਚ ਨਿਵੇਸ਼ ਕਿਵੇਂ ਹੋ ਸਕਦਾ ਹੈ? ਇਹ ਸਾਧਾਰਣ ਅਪਰਾਧ ਨਹੀਂ ਹੈ। ਇਹ ਕਾਂਗਰਸ ਦੀ ਵੋਟ ਬੈਂਕ ਦੀ ਤੁਸ਼ਟੀਕਰਨ ਦੀ ਨੀਤੀ ਦਾ ਨਤੀਜਾ ਹੈ।
ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਉਸਦੇ ‘ਘਮੰਡੀ’ ਗੱਠਜੋੜ ਦੀਆਂ ਪਾਰਟੀਆਂ ਨੇ ਖੱਟੇ ਮਨ ਨਾਲ ‘ਨਾਰੀ ਸ਼ਕਤੀ ਵੰਦਨ ਬਿੱਲ’ ਪਾਸ ਕਰਨ ਦਾ ਸਮਰਥਨ ਕੀਤਾ ਹੈ। ਦੇਸ਼ਭਰ ਦੀਆਂ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਨੀਅਤ ਵਿਚ ਖੋਟ ਹੈ, ਮੌਕਾ ਮਿਲਦਿਆਂ ਹੀ ਇਹ ਧੋਖਾ ਦੇਣ ਲਈ ਤਿਆਰ ਹੈ। ਘਾਬਰੀ ਹੋਈ ਵਿਰੋਧੀ ਧਿਰ ਹੁਣ ਨਾਰੀ ਸ਼ਕਤੀ ਨੂੰ ਵੰਡਣ ਦੀ ਕੋਸ਼ਿਸ਼ ਕਰੇਗੀ, ਅਜਿਹੇ ਵਿਚ ਹਰ ਔਰਤ ਨੂੰ ਚੌਕਸ ਰਹਿਣ ਦੀ ਲੋੜ ਹੈ।
ਮੋਦੀ ਭਾਵ ਗਾਰੰਟੀ ਪੂਰੀ ਹੋਣ ਦੀ ਗਾਰੰਟੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੀਆਂ ਵੋਟਾਂ ਨੇ ਮੈਨੂੰ ਚੁਣਿਆ ਅਤੇ ਮੈਂ ਤੁਹਾਡੀ ਸੇਵਾ ਦੀ ਗਾਰੰਟੀ ਦਿੱਤੀ। ਅੱਜ ਤੁਹਾਨੂੰ ਦਿੱਤੀ ਹੋਈ ਇਹ ਗਾਰੰਟੀ ਮੈਂ ਪੂਰੀ ਕਰ ਦਿੱਤੀ ਹੈ। ਤੁਸੀਂ ਇਹ ਯਾਦ ਰੱਖਿਓ ਕਿ ਮੋਦੀ ਭਾਵ ਗਾਰੰਟੀ ਪੂਰੀ ਹੋਣ ਦੀ ਗਾਰੰਟੀ। ਜੋ ਕਹਿੰਦਾ ਹਾਂ, ਕਰ ਕੇ ਦਿਖਾਉਂਦਾ ਹਾਂ ਇਸ ਲਈ ਮੇਰੀ ਗਾਰੰਟੀ ਵਿਚ ਦਮ ਹੁੰਦੀ ਹੈ। ਇਹ ਗੱਲ ਹਵਾ ਵਿਚ ਨਹੀਂ ਕਹਿੰਦਾ ਹਾਂ, 8 ਸਾਲ ਦਾ ਮੇਰਾ ਟਰੈਕ ਰਿਕਾਰਡ ਹੈ।