ਬਿਹਾਰ ਦੀ ਹਾਰ ਪਿੱਛੋਂ ਤਾਮਿਲਨਾਡੂ ’ਚ ਹਮਲਾਵਰ ਰਸਤੇ ’ਤੇ ਕਾਂਗਰਸ

Tuesday, Dec 30, 2025 - 09:22 AM (IST)

ਬਿਹਾਰ ਦੀ ਹਾਰ ਪਿੱਛੋਂ ਤਾਮਿਲਨਾਡੂ ’ਚ ਹਮਲਾਵਰ ਰਸਤੇ ’ਤੇ ਕਾਂਗਰਸ

2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੀ. ਐਮ. ਕੇ. ਦੀ ਅਗਵਾਈ ਵਾਲੇ ਗਠਜੋੜ ਨੂੰ ਪਰੇਸ਼ਾਨ ਕਰ ਕੇ ਕਾਂਗਰਸ ਤਾਮਿਲਨਾਡੂ ’ਚ ਵੀ ਇਸ ਵਾਰ ਬਿਹਾਰ ਵਾਲੀ ਰਣਨੀਤੀ ਦੁਹਰਾਉਣ ’ਤੇ ਤੁਲੀ ਹੋਈ ਹੈ।

2021 ਦੀਆਂ ਤਾਮਿਲਨਾਡੂ ਚੋਣਾਂ ’ਚ ਕਾਂਗਰਸ ਜੋ ਡੀ.ਐੱਮ.ਕੇ. ਦੀ ਅਗਵਾਈ ਵਾਲੀਆਂ 12 ਪਾਰਟੀਆਂ ’ਤੇ ਆਧਾਰਤ ਗੱਠਜੋੜ ਦਾ ਹਿੱਸਾ ਸੀ, ਨੇ 25 ਸੀਟਾਂ ’ਤੇ ਚੋਣ ਲੜੀ ਸੀ ਤੇ 18 ਜਿੱਤੀਆਂ ਸਨ । ਇਸ ਸਫਲਤਾ ਤੋਂ ਉਤਸ਼ਾਹਿਤ ਪਾਰਟੀ ਹੁਣ ਸੀਟਾਂ ਦੀ ਗਿਣਤੀ ਲੱਗਭਗ ਦੁੱਗਣੀ ਭਾਵ 50 ਕਰਨ ਤੇ ਡੀ.ਐੱਮ.ਕੇ. ਕੋਲੋਂ ਸੱਤਾ ਦੀ ਭਾਈਵਾਲੀ ’ਤੇ ਪੱਕਾ ਵਾਅਦਾ ਚਾਹੁੰਦੀ ਹੈ।

ਇਸ ਹਮਲਾਵਰ ਸੌਦੇਬਾਜ਼ੀ ਨੇ ਚੇਨਈ ’ਚ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਡੀ.ਐੱਮ.ਕੇ. ਦੇ ਨੇਤਾ ਨਿੱਜੀ ਗੱਲਬਾਤ ਦੌਰਾਨ ਕਹਿੰਦੇ ਹਨ ਕਿ 2021 ’ਚ ਗੱਠਜੋੜ ਦੀ ਸਫਲਤਾ ਮੁੱਖ ਰੂਪ ’ਚ ਅੰਨਾ ਡੀ.ਐੱਮ.ਕੇ. ਵਿਰੁੱਧ ਸੱਤਾ ਵਿਰੋਧੀ ਲਹਿਰ ਤੇ ਡੀ. ਐਮ. ਕੇ. ਦੀ ਸੰਗਠਨਾਤਮਕ ਤਾਕਤ ਕਾਰਨ ਸੀ, ਕਾਂਗਰਸ ਦੀ ਆਪਣੀ ਤਾਕਤ ਕਾਰਨ ਨਹੀਂ।

ਫਿਰ ਵੀ ਕਾਂਗਰਸ ਹੁਣ ਗੱਠਜੋੜ ਦਾ ਲਾਭ ਉਠਾ ਕੇ ਆਪਣੇ ਅਸਲ ਚੋਣ ਆਧਾਰ ਤੋਂ ਪਰੇ ਆਪਣੀ ਪਹੁੰਚ ਵਧਾਉਣਾ ਚਾਹੁੰਦੀ ਹੈ। ਬਿਹਾਰ ਨਾਲ ਬਰਾਬਰੀਆਂ ਸਪੱਸ਼ਟ ਹਨ। ਉੱਥੇ ਵੀ ਕਾਂਗਰਸ ਵੱਲੋਂ ਵਧੇਰੇ ਸੀਟਾਂ ਅਤੇ ਵੱਧ ਸਿਆਸੀ ਥਾਂ ’ਤੇ ਜ਼ੋਰ ਦੇਣ ਕਾਰਨ ਵਿਰੋਧੀ ਗੱਠਜੋੜ ਅੰਦਰ ਲਗਾਤਾਰ ਟਕਰਾਅ ਹੋਇਆ, ਜਿਸ ਨਾਲ ਤਾਲਮੇਲ ਤੇ ਭਰੋਸਾ ਕਮਜ਼ੋਰ ਹੋ ਗਿਆ। ਬਹੁਤ ਸਾਰੇ ਸਹਿਯੋਗੀ ਮੰਨਦੇ ਹਨ ਕਿ ਨੁਕਸਾਨ ਨਾ ਪੂਰਾ ਹੋਣ ਵਾਲਾ ਹੈ।

ਰਿਪੋਰਟਾਂ ਅਨੁਸਾਰ ਡੀ.ਐੱਮ.ਕੇ. ਦੀ ਲੀਡਰਸ਼ਿਪ ਨੇ ਕਾਂਗਰਸ ਦੀ ਲੰਬੇ ਸਮੇਂ ਦੀ ਵਚਨਬੱਧਤਾ ਬਾਰੇ ਆਲ ਇੰਡੀਆ ਕਾਂਗਰਸ ਕਮੇਟੀ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ ਕਿਉਂਕਿ ਇਹ ਅਨੁਮਾਨ ਲਾਏ ਜਾ ਰਹੇ ਹਨ ਕਿ ਪਾਰਟੀ ਅਭਿਨੇਤਾ ਵਿਜੇ ਦੀ ਟੀ. ਵੀ. ਕੇ. ਨਾਲ ਰਣਨੀਤਕ ਸਮਝੌਤੇ ’ਤੇ ਅਮਲ ਕਰ ਰਹੀ ਹੈ।

ਡੀ.ਐੱਮ.ਕੇ. ਦੇ ਇਕ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਪਾਰਟੀ ਨੂੰ ਤਾਮਿਲਨਾਡੂ ’ਚ ਸਹਿਯੋਗੀਆਂ ਦੇ ਵਾਧੇ ’ਤੇ ਕੋਈ ਇਤਰਾਜ਼ ਨਹੀਂ ਪਰ ਸ਼ਾਸਨ ਪੱਧਰ ’ਤੇ ਡੀ.ਐੱਮ.ਕੇ. ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਹੀਂ ਮੰਨਿਆਂ ਜਾਏਗਾ।

ਕਾਂਗਰਸ ਲਈ ਸਵਾਲ ਇਹ ਹੈ ਕਿ ਕੀ ਉਹ ਭਾਈਵਾਲੀ ਚਾਹੁੰਦੀ ਹੈ ਜਾਂ ਪ੍ਰਮੁੱਖਤਾ? ਬਿਹਾਰ ਇਕ ਸਾਵਧਾਨੀ ਵਾਲੀ ਕਹਾਣੀ ਪੇਸ਼ ਕਰਦਾ ਹੈ। ਤਾਮਿਲਨਾਡੂ ਜਲਦੀ ਹੀ ਇਹ ਪਰਖੇਗਾ ਕਿ ਕੀ ਪਾਰਟੀ ਨੇ ਕੋਈ ਸਬਕ ਸਿੱਖਿਆ ਹੈ?

ਡੀ.ਐੱਮ.ਕੇ. ਨੂੰ ਕਈ ਸਹਿਯੋਗੀਆਂ ਦੀਆਂ ਮੰਗਾਂ ਨੂੰ ਸੰਤੁਲਿਤ ਕਰਨ ਦੇ ਮੁਸ਼ਕਲ ਕੰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਸੰਭਾਵਤ ਤੌਰ ’ਤੇ ਪੀ. ਐੱਮ. ਕੇ. ਤੇ ਡੀ. ਐੱਮ. ਡੀ. ਕੇ. ਵਰਗੀਆਂ ਨਵੀਆਂ ਪਾਰਟੀਆਂ ਨੂੰ ਵੀ ਸ਼ਾਮਲ ਕਰਨਾ ਪੈ ਰਿਹਾ ਹੈ। 230 ਮੈਂਬਰੀ ਵਿਧਾਨ ਸਭਾ ’ਚ ਡੀ.ਐੱਮ.ਕੇ. ਨੇ ਪਿਛਲੀਆਂ ਚੋਣਾਂ ’ਚ 173 ਸੀਟਾਂ ’ਤੇ ਚੋਣ ਲੜੀ ਸੀ।


author

Harpreet SIngh

Content Editor

Related News