ਕਾਂਗਰਸ ਵਿਰੁੱਧ ਗ੍ਰਹਿ ਮੰਤਰਾਲੇ ਦੀ ਵੱਡੀ ਕਾਰਵਾਈ, ਰਾਜੀਵ ਗਾਂਧੀ ਫਾਊਂਡੇਸ਼ਨ ਦੀ ਜਾਂਚ ਦੇ ਦਿੱਤੇ ਨਿਰਦੇਸ਼
Wednesday, Jul 08, 2020 - 12:36 PM (IST)
ਨਵੀਂ ਦਿੱਲੀ- ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਲੈ ਕੇ ਇਕ ਵਾਰ ਫਿਰ ਗਾਂਧੀ ਪਰਿਵਾਰ ਜਾਂਚ ਦੇ ਘੇਰੇ 'ਚ ਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਦੀ ਫੰਡਿੰਗ ਅਤੇ ਇਨ੍ਹਾਂ ਵਲੋਂ ਕੀਤੇ ਗਏ ਉਲੰਘਣਾ ਦੀ ਜਾਂਚ ਨੂੰ ਲੈ ਕੇ ਇਕ ਕਮੇਟੀ ਗਠਿਤ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿਸ਼ੇਸ਼ ਡਾਇਰੈਕਟਰ ਇਸ ਕਮੇਟੀ ਦੇ ਮੁਖੀ ਹੋਣਗੇ। ਕੇਂਦਰੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਅੰਤਰ-ਮੰਤਰਾਲੇ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ ਰਾਜੀਵ ਗਾਂਧੀ ਫਾਊਂਡੇਸ਼ਨ, ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਅਤੇ ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਦੀ ਜਾਂਚ ਕਰੇਗੀ।
ਬੁਲਾਰੇ ਨੇ ਦੱਸਿਆ ਕਿ ਇਸ ਜਾਂਚ 'ਚ ਮਨੀ ਲਾਂਡਰਿੰਗ ਰੋਕੂ ਐਕਟ (PMLA ਐਕਟ), ਇਨਕਮ ਟੈਕਸ ਐਕਟ, ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ (FCRA ਐਕਟ) ਦੇ ਨਿਯਮਾਂ ਦੀ ਉਲੰਘਣਾ ਦੀ ਜਾਂਚ ਕੀਤੀ ਜਾਵੇਗੀ। ਕਮੇਟੀ ਦੀ ਅਗਵਾਈ ਈ.ਡੀ. ਦੇ ਸਪੈਸ਼ਲ ਡਾਇਰੈਕਟਰ ਕਰਨਗੇ। ਦੱਸਣਯੋਗ ਹੈ ਕਿ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦਾਅਵਾ ਕੀਤਾ ਸੀ ਕਿ ਚੀਨ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਲਈ ਫੰਡਿੰਗ ਕੀਤੀ ਹੈ। ਇਸ ਤੋਂ ਇਲਾਵਾ ਦੇਸ਼ ਲਈ ਜੋ ਪ੍ਰਧਾਨ ਮੰਤਰੀ ਰਾਹਤ ਫੰਡ ਬਣਾਇਆ ਗਿਆ ਸੀ, ਉਸ ਤੋਂ ਵੀ ਯੂ.ਪੀ.ਏ. ਸਰਕਾਰ ਨੇ ਪੈਸਾ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਦਿੱਤਾ ਸੀ। ਭਾਜਪਾ ਦਾ ਦੋਸ਼ ਸੀ ਕਿ 2005-08 ਤੱਕ PMNRF ਵਲੋਂ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਇਹ ਰਾਸ਼ੀ ਮਿਲੀ ਸੀ।