ਕਾਂਗਰਸ ਨੇਤਾ ਜੀ. ਪਰਮੇਸ਼ਵਰ ਦੇ ਕਰੀਬੀ ਨੇ ਕੀਤੀ ਖੁਦਕੁਸ਼ੀ

Saturday, Oct 12, 2019 - 04:59 PM (IST)

ਕਾਂਗਰਸ ਨੇਤਾ ਜੀ. ਪਰਮੇਸ਼ਵਰ ਦੇ ਕਰੀਬੀ ਨੇ ਕੀਤੀ ਖੁਦਕੁਸ਼ੀ

ਬੈਂਗਲੁਰੂ— ਕਰਨਾਟਕ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਦਿੱਗਜ ਨੇਤਾ ਜੀ. ਪਰਮੇਸ਼ਵਰ ਦੇ ਇਕ ਵਿਸ਼ਵਾਸਪਾਤਰ ਰਮੇਸ਼ ਨੇ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ 2 ਦਿਨ ਪਹਿਲਾਂ ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਸਿੱਖਿਆ ਸੰਸਥਾਵਾਂ 'ਤੇ ਛਾਪੇ ਮਾਰੇ ਸਨ। ਇਸ ਦੌਰਾਨ ਉਨ੍ਹਾਂ ਨੇ ਰਮੇਸ਼ ਤੋਂ ਵੀ ਪੁੱਛ-ਗਿੱਛ ਕੀਤੀ ਸੀ। ਜ਼ਿਕਰਯੋਗ ਹੈ ਕਿ ਜੀ. ਪਰਮੇਸ਼ਵਰ ਨਾਲ ਜੁੜੇ ਕਾਰੋਬਾਰਾਂ 'ਤੇ ਆਮਦਨ ਟੈਕਸ ਵਿਭਾਗ ਦੀ ਕਾਰਵਾਈ ਜਾਰੀ ਹੈ। ਆਮਦਨ ਟੈਕਸ ਵਿਭਾਗ ਅਨੁਸਾਰ ਵੀਰਵਾਰ ਨੂੰ ਮਾਰੇ ਗਏ ਛਾਪਿਆਂ 'ਚ ਕਰੀਬ ਸਾਢੇ 4 ਕਰੋੜ ਤੋਂ ਵਧ ਦੀ ਰਕਮ ਬਰਾਮਦ ਕੀਤੀ ਗਈ ਹੈ। ਵੀਰਵਾਰ ਨੂੰ ਆਮਦਨ ਟੈਕਸ ਵਿਭਾਗ ਦੀ ਟੀਮ ਨੇ ਪਰਮੇਸ਼ਵਰ ਨਾਲ ਜੁੜੇ 30 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।

ਇਸ ਛਾਪੇਮਾਰੀ ਦੇ ਅਧੀਨ, ਆਮਦਨ ਟੈਕਸ ਵਿਭਾਗ ਦੇ 300 ਤੋਂ ਵਧ ਅਧਿਕਾਰੀ ਕਰਨਾਟਕ 'ਚ ਕਾਂਗਰਸ ਦੇ 2 ਪ੍ਰਮੁੱਖ ਨੇਤਾਵਾਂ ਨਾਲ ਜੁੜੇ ਕੰਪਲੈਕਸਾਂ 'ਚ ਦਾਖਲ ਹੋਏ। ਇਨ੍ਹਾਂ ਨੇਤਾਵਾਂ 'ਚ ਸਾਬਕਾ ਉੱਪ ਮੁੱਖ ਮੰਤਰੀ ਜੀ. ਪਰਮੇਸ਼ਵਰ ਅਤੇ ਸਾਬਕਾ ਸੰਸਦ ਮੈਂਬਰ ਆਰ.ਐੱਲ. ਜਾਲੱਪਾ ਦੇ ਬੇਟੇ ਜੇ. ਰਾਜੇਂਦਰ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਛਾਪੇਮਾਰੀ ਨੀਟ ਪ੍ਰੀਖਾਵਾਂ ਨਾਲ ਜੁੜੇ ਕਈ ਕਰੋੜ ਰੁਪਏ ਦੇ ਟੈਕਸ ਚੋਰੀ ਮਾਮਲੇ ਦੇ ਸੰਬੰਧ 'ਚ ਕੀਤੀ ਜਾ ਰਹੀ ਹੈ।


author

DIsha

Content Editor

Related News