''ਨਕਦੀ ਦੇ ਸੰਕਟ ਨਾਲ ਜੂਝਦੀ ਕਾਂਗਰਸ''

Tuesday, Apr 18, 2023 - 11:10 AM (IST)

''ਨਕਦੀ ਦੇ ਸੰਕਟ ਨਾਲ ਜੂਝਦੀ ਕਾਂਗਰਸ''

ਨਵੀਂ ਦਿੱਲੀ- ਕਾਂਗਰਸ ਲੀਡਰਸ਼ਿਪ ਸ਼ਾਇਦ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਗੌਰਵ ਦਾ ਆਨੰਦ ਲੈ ਰਹੀ ਹੈ ਪਰ ਹੁਣ ਇਸ ਦਾ ਉਤਸ਼ਾਹ ਖਤਮ ਹੋਣ ਤੋਂ ਬਾਅਦ ਕਰਨਾਟਕ ’ਚ ਪਾਰਟੀ ਨੂੰ ਔਖਿਆਈ ਭਰੀ ਅਸਲੀਅਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ’ਚ ਪਾਰਟੀ ਦੇ ਉਮੀਦਵਾਰਾਂ ਲਈ ਪੈਸਿਆਂ ਦੀ ਆਵਾਜਾਈ ਲਗਭਗ ਅਸੰਭਵ ਹੋ ਗਈ ਹੈ ਕਿਉਂਕਿ ਕਰਨਾਟਕ ’ਚ ਆਮਦਨ ਕਰ ਅਧਿਕਾਰੀਆਂ ਅਤੇ ਹੋਰ ਏਜੰਸੀਆਂ ਦੇ 300 ਤੋਂ ਵੱਧ ਮਜ਼ਬੂਤ ਬਲ ਤਾਇਨਾਤ ਕੀਤੇ ਗਏ ਹਨ, ਜੋ ਪੈਸੇ ਦੀ ਆਵਾਜਾਈ ’ਤੇ 24 ਘੰਟੇ ਨਜ਼ਰ ਰੱਖ ਰਹੇ ਹਨ।

ਇਹ ਮਜ਼ਬੂਤ ਬਲ ਪੁਲਸ ਅਤੇ ਖੁਫੀਆ ਏਜੰਸੀਆਂ ਤੋਂ ਸਹਾਇਤਾ ਪ੍ਰਾਪਤ ਹਨ ਜਿਵੇਂ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਮੋਬਾਇਲ ਫੋਨ ’ਤੇ ਨਜ਼ਰ ਰੱਖਣ ਦੀ ਰੈਂਡੰਮ ਪ੍ਰਣਾਲੀ ਕਈ ਗੁਣਾ ਵਧ ਗਈ ਹੈ ਅਤੇ ਸੜਕ, ਟ੍ਰੇਨ ਜਾਂ ਹਵਾਈ ਰਸਤਿਓਂ ਨਕਦੀ ਦੀ ਆਵਾਜਾਈ ਇੰਨੀ ਖਤਰੇ ਭਰੀ ਹੋ ਗਈ ਹੈ ਕਿ ਪਾਰਟੀ ਨੇ ਸਰੋਤ ਮੁਹੱਈਆ ਕਰਾਉਣ ਦੀ ਆਪਣੀ ਯੋਜਨਾ ਨੂੰ ਛੱਡ ਦਿੱਤਾ ਹੈ।

ਹਰੇਕ ਉਮੀਦਵਾਰ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਚੋਣ ਖੇਤਰਾਂ ’ਚ ਸਥਾਨਕ ਰੂਪ ’ਚ ਪੈਸੇ ਦਾ ਪ੍ਰਬੰਧ ਕਰਨ ਅਤੇ ਬਾਅਦ ’ਚ ਜਦੋਂ ਸਥਿਤੀ ਸਾਧਾਰਣ ਹੋ ਜਾਵੇਗੀ ਤਾਂ ਪਾਰਟੀ ਉਨ੍ਹਾਂ ਨੂੰ ਪੈਸਾ ਮੁਹੱਈਆ ਕਰਾਏਗੀ। ਹਾਲਾਂਕਿ ਵਿਧਾਨ ਸਭਾ ਚੋਣਾਂ ’ਚ ਉਮੀਦਵਾਰਾਂ ਵੱਲੋਂ ਖਰਚੇ ਦੀ ਮੌਜੂਦਾ ਹੱਦ ਚੋਣ ਕਮਿਸ਼ਨ ਵੱਲੋਂ 40 ਲੱਖ ਰੁਪਏ ਤੈਅ ਕੀਤੀ ਗਈ ਹੈ ਜਦੋਂ ਕਿ ਅਸਲ ਖਰਚਾ ਕਰੋਡ਼ਾਂ ’ਚ ਹੈ।

ਉਮੀਦਵਾਰ ਦੁਚਿੱਤੀ ’ਚ ਹਨ ਕਿਉਂਕਿ ਪਿਛਲੇ ਸਮੇਂ ’ਚ ਇਹ ਵੇਖਿਆ ਗਿਆ ਹੈ ਕਿ ਪਾਰਟੀ ਚੋਣਾਂ ਤੋਂ ਬਾਅਦ ਆਪਣੀਆਂ ਵਿੱਤੀ ਵਚਨਬੱਧਤਾਵਾਂ ਦਾ ਸਨਮਾਨ ਨਹੀਂ ਕਰਦੀ ਹੈ। ਕਾਂਗਰਸ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਕਿਰਾਏ ’ਤੇ ਲਈਆਂ ਗਈਆਂ ਇਸ਼ਤਿਹਾਰ ਅਤੇ ਪ੍ਰਚਾਰ ਏਜੰਸੀਆਂ ਦਾ ਬਕਾਇਆ ਨਹੀਂ ਚੁਕਾਇਆ ਹੈ। ਇਕ ਏਜੰਸੀ, ਜਿਸ ਨੂੰ ‘ਭਾਰਤ ਜੋੜੋ ਯਾਤਰਾ’ ਦੇ ਜੰਮੂ-ਕਸ਼ਮੀਰ ਪੜਾਅ ਲਈ ਠੇਕਾ ਦਿੱਤਾ ਗਿਆ ਸੀ, ਨੇ ਕਾਂਗਰਸ ਪ੍ਰਧਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।


author

Rakesh

Content Editor

Related News