ਕਾਂਗਰਸ ਨੇ ਕੀਤੀ ਡੀਜ਼ਲ-ਪੈਟਰੋਲ ਨੂੰ GST ਦੇ ਦਾਇਰੇ ''ਤੇ ਲਿਆਉਣ ਦੀ ਮੰਗ
Sunday, Jun 14, 2020 - 10:43 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਪਾਰਟੀ ਨੇ ਭਾਜਪਾ ਅਤੇ ਮੋਦੀ ਸਰਕਾਰ ਨੂੰ ਜਨਵਿਰੋਧੀ ਦੱਸਦੇ ਹੋਏ ਕਿਹਾ ਕਿ ਕੋਰੋਨਾ ਕਾਲ 'ਚ ਬੇਰੋਜ਼ਗਾਰੀ ਅਤੇ ਆਰਥਿਕ ਮੰਦੀ ਵਿਚਾਲੇ ਜੀਵਨ ਲਈ ਸੰਘਰਸ਼ ਕਰ ਰਹੀ ਗਰੀਬ ਜਨਤਾ 'ਤੇ ਬੋਝ ਪਾ ਕੇ ਭਾਜਪਾ ਸਰਕਾਰ ਮੁਨਾਫਾਖੋਰੀ ਅਤੇ ਜ਼ਬਰਦਸਤੀ ਵਸੂਲੀ ਕਰ ਰਹੀ ਹੈ। ਕਾਂਗਰਸ ਨੇ ਡੀਜ਼ਲ-ਪੈਟਰੋਲ ਨੂੰ ਜੀ.ਐੱਸ.ਟੀ. ਦੇ ਦਾਇਰੇ 'ਚ ਲਿਆਉਣ ਦੀ ਮੰਗ ਕੀਤੀ ਹੈ।
ਪਾਰਟੀ ਦੇ ਮੁੱਖ ਬੁਲਾਰੇ ਸੁਰਜੇਵਾਲਾ ਨੇ ਐਤਵਾਰ ਨੂੰ ਇਕ ਬਿਆਨ ਚ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਡੀਜ਼ਲ-ਪੈਟਰੋਲ ਅਤੇ ਐੱਲ.ਪੀ.ਜੀ. ਗੈਸ ਦੀਆਂ ਕੀਮਤਾਂ ਅਗਸਤ 2004 ਦੇ ਪੱਧਰ 'ਤੇ ਲਿਆਉਣੀ ਚਾਹੀਦੀ ਹੈ। ਉਸ ਵੇਲੇ ਕੱਚਾ ਤੇਲ 40 ਡਾਲਰ ਪ੍ਰਤੀ ਬੈਰਲ ਸੀ ਅਤੇ ਦੇਸ਼ 'ਚ ਪੈਟਰੋਲ 36.81 ਰੁਪਏ ਪ੍ਰਤੀ ਲਿਟਰ, ਡੀਜ਼ਲ 24.16 ਰੁਪਏ ਪ੍ਰਤੀ ਲਿਟਰ, ਐੱਲ.ਪੀ.ਜੀ. ਸਿਲੰਡਰ 261.60 ਰੁਪਏ 'ਚ ਵਿਕਦਾ ਸੀ।
ਇਸ ਸਮੇਂ ਜਦੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਡਿੱਗ ਕੇ 40 ਡਾਲਰ ਪ੍ਰਤੀ ਬੈਰਲ ਹੋ ਚੁੱਕੀ ਹੈ ਤਾਂ ਹੁਣ ਦੇਸ਼ 'ਚ ਪੈਟਰੋਲ 75.78 ਰੁਪਏ, ਡੀਜ਼ਲ 74.03 ਰੁਪਏ ਪ੍ਰਤੀ ਲਿਟਰ, ਅਤੇ ਐੱਲ.ਪੀ.ਜੀ. 593.00 ਰੁਪਏ ਪ੍ਰਤੀ ਸਿਲੰਡਰ 'ਚ ਵੇਚਿਆ ਜਾ ਰਿਹਾ ਹੈ। ਸੁਰਜੇਵਾਲਾ ਨੇ ਕਿਹਾ ਕਿ ਅੱਜ ਦੇਸ਼ ਕੋਰੋਨਾ ਵਰਗੀ ਮਹਾਮਾਰੀ ਦੀ ਲਪੇਟ 'ਚ ਹੈ। ਗਰੀਬ, ਪ੍ਰਵਾਸੀ ਮਜ਼ਦੂਰ, ਦੁਕਾਨਦਾਰ, ਕਿਸਾਨ, ਛੋਟੇ ਅਤੇ ਦਰਮਿਆਨੇ ਕਾਰੋਬਾਰੀ ਅਤੇ ਵੱਡੀ ਗਿਣਤੀ 'ਚ ਬੇਰੋਜ਼ਗਾਰ ਹੋਏ ਲੋਕ ਇਸ ਆਰਥਿਕ ਮੰਦੀ ਅਤੇ ਮਹਾਮਾਰੀ 'ਚ ਜੀਵਨ ਲਈ ਸੰਘਰਸ਼ ਕਰ ਰਹੇ ਹਨ। ਅਜਿਹੇ 'ਚ ਮੋਦੀ-ਸ਼ਾਹ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਬੀਤੇ 6 ਸਾਲ 'ਚ ਪੈਟਰੋਲ ਅਤੇ ਡੀਜ਼ਲ 'ਤੇ ਵਧਾਈ ਗਈ ਐਕਸਾਈਜ਼ ਡਿਊਟੀ ਨੂੰ ਵਾਪਸ ਲਿਆਇਆ ਜਾਵੇ। ਪਿਛਲੇ 8 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 4.52 ਰੁਪਏ ਅਤੇ 4.64 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ, ਜਦਕਿ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹੈ।