ਕੋਰੋਨਾ ਕਾਰਨ ਮੁਲਤਵੀ ਹੋਈ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ
Monday, May 10, 2021 - 04:23 PM (IST)
ਨਵੀਂ ਦਿੱਲੀ- ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਜੂਨ 'ਚ ਪ੍ਰਸਤਾਵਿਤ ਚੋਣਾਂ ਨੂੰ ਕੋਰੋਨਾ ਮਹਾਮਾਰੀ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਫਿਲਹਾਲ ਸੋਨੀਆ ਗਾਂਧੀ ਹੀ ਪਾਰਟੀ ਦੀ ਅੰਤਰਿਮ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਂਦੀ ਰਹੇਗੀ। ਸੂਤਰਾਂ ਅਨੁਸਾਰ, ਪਾਰਟੀ ਦੀ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਨੇ ਸਾਰਿਆਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਕੀਤਾ ਕਿ ਕੋਰੋਨਾ ਮਹਾਮਾਰੀ ਨਾਲ ਜੁੜੇ ਹਾਲਾਤ 'ਚ ਸੁਧਾਰ ਹੋਣ ਤੱਕ ਇਹ ਚੋਣਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ। ਕਾਂਗਰਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸੀ.ਡਬਲਿਊ.ਸੀ. ਦੀ ਬੈਠਕ 'ਚ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੇ ਪਾਰਟੀ ਦੇ ਕੇਂਦਰੀ ਚੋਣ ਅਥਾਰਟੀ (ਸੀ.ਈ.ਸੀ.) ਵਲੋਂ ਤਿਆਰ ਚੋਣ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਸੀ ਪਰ ਬਾਅਦ 'ਚ ਫ਼ੈਸਲਾ ਕੀਤਾ ਗਿਆ ਕਿ ਮੌਜੂਦਾ ਸਥਿਤੀ 'ਚ ਚੋਣ ਕਰਵਾਉਣੀ ਉੱਚਿਤ ਨਹੀਂ ਹੈ।
ਇਸ ਚੋਣ ਪ੍ਰੋਗਰਾਮ ਅਨੁਸਾਰ, ਜੂਨ ਦੇ ਆਖ਼ੀਰ 'ਚ ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਕਰਵਾਈ ਜਾਣੀ ਸੀ। ਦੱਸਣਯੋਗ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਇਹ ਵੀ ਪੜ੍ਹੋ : ਵਿਦੇਸ਼ੀ ਮਦਦ 'ਤੇ ਬੋਲੇ ਰਾਹੁਲ- ਸਰਕਾਰ ਨੇ ਆਪਣਾ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਆਉਂਦੀ