ਕਾਂਗਰਸ ਅਤੇ ਭ੍ਰਿਸ਼ਟਾਚਾਰ ਇਕ ਸਿੱਕੇ ਦੇ ਦੋ ਪਹਿਲੂ: ਨੱਢਾ
Sunday, Nov 05, 2023 - 05:13 PM (IST)
ਛੱਤੀਸਗੜ੍ਹ- ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਐਤਵਾਰ ਨੂੰ ਕਾਂਗਰਸ 'ਤੇ ਦੋਸ਼ ਲਾਇਆ ਕਿ ਜਿੱਥੇ ਵੀ ਉਹ ਸ਼ਾਸਨ ਵਿਚ ਹੈ, ਭ੍ਰਿਸ਼ਟਾਚਾਰ 'ਚ ਸ਼ਾਮਲ ਹੈ। ਨੱਢਾ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਭ੍ਰਿਸ਼ਟਾਚਾਰ ਇਕ ਸਿੱਕੇ ਦੇ ਦੋ ਪਹਿਲੂ ਹਨ। ਛੱਤੀਸਗੜ੍ਹ ਦੇ ਗੌਰੇਲਾ-ਪਰੇਡਾ-ਮਰਵਾਹੀ ਜ਼ਿਲ੍ਹੇ ਦੇ ਪਰੇਡਾ ਸ਼ਹਿਰ ਵਿਚ ਇਕ ਸਭਾ ਨੂੰ ਸੰਬੋਧਿਤ ਕਰਦੇ ਨੱਢਾ ਨੇ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਸੂਬੇ 'ਚ ਫਿਰ ਤੋਂ ਸੱਤਾ 'ਚ ਆਉਂਦੀ ਹੈ, ਤਾਂ ਲੁੱਟ ਦੀ ਗਰੰਟੀ ਪੱਕੀ ਹੈ।
ਭਾਜਪਾ ਪ੍ਰਧਾਨ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਭੁਪੇਸ਼ ਬਘੇਲ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ (ਕਾਂਗਰਸ) ਨੇ ਸ਼ਰਾਬ, ਚੌਲ, ਗੋਹਾ ਖਰੀਦ, ਅਧਿਆਪਕਾਂ ਦੇ ਤਬਾਦਲੇ ਅਤੇ ਲੋਕ ਸੇਵਾ ਕਮਿਸ਼ਨ ਦੀ ਭਰਤੀ ਵਿਚ ਘਪਲਾ ਕੀਤਾ। ਉਨ੍ਹਾਂ ਨੇ ਮਹਾਦੇਵ (ਮਹਾਦੇਵ ਸੱਟੇਬਾਜ਼ੀ ਐਪ 'ਚ ਘਪਲਾ) ਦੇ ਨਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਘਪਲਾ ਕੀਤਾ।
ਨੱਢਾ ਨੇ ਦਾਅਵਾ ਕੀਤਾ ਕਿ ਈਡੀ ਵਲੋਂ ਗ੍ਰਿਫ਼ਤਾਰ ਅਸੀਮ ਦਾਸ ਨੇ ਦੱਸਿਆ ਚੋਣਾਂ ਲਈ ਭੁਪੇਸ਼ ਬਘੇਲ ਨੂੰ 508 ਕਰੋੜ ਰੁਪਏ ਦਿੱਤੇ ਗਏ ਸਨ। ਮਹਾਦੇਵ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਹੁਣ ਤੱਕ ਲਗਭਗ 508 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਅਤੇ ਇਹ ਜਾਂਚ ਦਾ ਵਿਸ਼ਾ ਹੈ। ਏਜੰਸੀ ਨੇ ਕਿਹਾ ਸੀ ਕਿ ਕੂਰੀਅਰ ਅਸੀਮ ਦਾਸ ਤੋਂ 5.39 ਕਰੋੜ ਰੁਪਏ ਬਰਾਮਦ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।