ਕੋਚ ਰਣਧੀਰ ਸਿੰਘ ਨੇ ਅਬਦੁੱਲ ਸਮਦ ''ਤੇ ਦਿੱਤਾ ਵੱਡਾ ਬਿਆਨ

Monday, Oct 05, 2020 - 08:53 PM (IST)

ਆਬੂ ਧਾਬੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਖੇਡ ਰਹੇ ਅਬਦੁੱਲ ਸਮਦ ਦੇ ਕੋਚ ਰਣਧੀਰ ਸਿੰਘ ਨੇ ਕਿਹਾ ਹੈ ਕਿ ਸਮਦ ਇਕ ਆਲਰਾਊਂਡਰ ਹੈ, ਜੋ ਇਸ ਸਮੇਂ ਖੇਡ ਦੀ ਮੰਗ ਹੈ ਅਤੇ ਇਹ ਉਸਦੇ ਲਈ ਫਾਇਦੇਮੰਦ ਸਾਬਤ ਹੋਵੇਗਾ।
ਜੰਮੂ ਦੇ ਸਮਦ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਮੈਚ 'ਚ ਆਖਰੀ ਓਵਰ 'ਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਸ ਮੈਚ ਦੇ ਆਖਰੀ ਓਵਰ 'ਚ ਕ੍ਰੀਜ਼ 'ਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਫਿਨਸ਼ਿਰ ਧੋਨੀ ਮੌਜੂਦ ਸੀ। ਚੇਨਈ ਨੂੰ ਜਿੱਤ ਦੇ ਲਈ 6 ਗੇਂਦਾਂ 'ਚ 28 ਦੌੜਾਂ ਦੀ ਲੋੜ ਸੀ। ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ 19 ਸਾਲਾ ਸਮਦ ਨੂੰ ਗੇਂਦ ਸੌਂਪੀ। ਇਹ ਫੈਸਲਾ ਕਈਆਂ ਦੇ ਲਈ ਹੈਰਾਨੀ ਵਰਗਾ ਸੀ ਪਰ ਸਮਦ ਨੇ ਆਪਣੇ ਕਪਤਾਨ ਦੀਆਂ ਉਮੀਦਾਂ 'ਤੇ ਖਰਾ ਉਤਰਦੇ ਹੋਏ ਟੀਮ ਨੂੰ 7 ਦੌੜਾਂ ਨਾਲ ਜਿੱਤ ਦਿਵਾ ਦਿੱਤੀ।
ਰਣਧੀਰ ਨੇ ਕਿਹਾ - ਸਮਦ ਇਕ ਆਲਰਾਊਂਡਰ ਹੈ ਅਤੇ ਅਜਿਹੇ ਖਿਡਾਰੀਆਂ ਦੀ ਕ੍ਰਿਕਟ ਦੇ ਹਰ ਸਵਰੂਪ 'ਚ ਜ਼ਰੂਰਤ ਹੁੰਦੀ ਹੈ। ਉਹ ਸਥਿਤੀ ਦੇ ਅਨੁਸਾਰ ਆਪਣੀ ਬੱਲੇਬਾਜ਼ੀ ਨੂੰ ਢਾਲ ਲੈਂਦੇ ਹਨ। ਉਹ ਟੀ-20, ਵਨ ਡੇ ਮੈਚਾਂ ਤੋਂ ਇਲਾਵਾ ਟੈਸਟ ਮੈਚਾਂ ਦੇ ਲਈ ਵੀ ਫਿੱਟ ਹੈ ਕਿਉਂਕਿ ਉਸਦੇ ਅੰਦਰ ਉਹ ਯੋਗਤਾ ਹੈ। ਕੋਚ ਨੇ ਕਿਹਾ- ਅੱਜਕਲ ਕ੍ਰਿਕਟ ਦਾ ਮਤਲਬ ਹਰ ਸਵਰੂਪ 'ਚ ਵੱਡਾ ਸਕੋਰ ਬਣਾਉਣਾ ਹੈ ਅਤੇ ਸਮਦ ਲੰਮੇ ਸ਼ਾਟ ਖੇਡਦਾ ਹੈ। ਸਕੋਰ ਬੋਰਡ ਨੂੰ ਚੱਲਦਾ ਰੱਖਦਾ ਹੈ ਇਸ ਲਈ ਉਹ ਆਉਣ ਵਾਲੇ ਦਿਨਾਂ 'ਚ ਚੋਣਕਾਰ ਦੀਆਂ ਨਜ਼ਰਾਂ 'ਚ ਬਹੁਤ ਜਲਦ ਹੋਵੇਗਾ। ਸਮਦ ਨੇ ਰਣਧੀਰ ਸਿੰਘ ਤੋਂ ਸਿਖਲਾਈ 2012 'ਚ ਸ਼ੁਰੂ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਜੰਮੂ-ਕਸ਼ਮੀਰ ਦਾ ਅੰਡਰ-14, ਅੰਡਰ-16 ਅਤੇ ਅੰਡਰ-19 'ਚ ਨੁਮਾਇੰਦਗੀ ਕੀਤੀ।


Gurdeep Singh

Content Editor

Related News