''ਮੇਰੇ ਮਿਸਕੈਰੇਜ ਲਈ CM ਵਿਜੇ ਜ਼ਿੰਮੇਵਾਰ'': ਬਿੱਗ ਬੌਸ ਫੇਮ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
Sunday, May 31, 2026 - 08:14 PM (IST)
ਚੇਨਈ : ਤਮਿਲ ਮਨੋਰੰਜਨ ਜਗਤ ਦੀ ਮਸ਼ਹੂਰ ਅਦਾਕਾਰਾ ਅਤੇ ਬਿੱਗ ਬੌਸ ਫੇਮ ਮਾਰੀਆ ਜੁਲੀਆਨਾ (ਜੂਲੀ) ਨੇ ਤਮਿਲਨਾਡੂ ਦੇ ਮੁੱਖ ਮੰਤਰੀ ਥਲਪਤੀ ਵਿਜੇ ਅਤੇ ਉਨ੍ਹਾਂ ਦੀ ਸਿਆਸੀ ਪਾਰਟੀ TVK 'ਤੇ ਬਹੁਤ ਹੀ ਗੰਭੀਰ ਅਤੇ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਅਦਾਕਾਰਾ ਦਾ ਦਾਅਵਾ ਹੈ ਕਿ ਵਿਜੇ ਦੀ ਪਾਰਟੀ ਦੇ ਸਮਰਥਕਾਂ ਵੱਲੋਂ ਕੀਤੀ ਗਈ ਭਾਰੀ ਟ੍ਰੋਲਿੰਗ ਅਤੇ ਮਾਨਸਿਕ ਤਣਾਅ ਕਾਰਨ ਉਨ੍ਹਾਂ ਦਾ ਗਰਭਪਾਤ (ਮਿਸਕੈਰੇਜ) ਹੋ ਗਿਆ ਹੈ।
ਚੇਨਈ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਵੁਕ ਹੁੰਦਿਆਂ ਜੂਲੀ ਨੇ ਦੱਸਿਆ ਕਿ ਉਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਤੀ ਵਿਰੁੱਧ ਬੇਹੱਦ ਗੰਦੀ ਸ਼ਬਦਾਵਲੀ ਵਰਤੀ ਗਈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਆਨਲਾਈਨ ਪਰੇਸ਼ਾਨੀ ਅਤੇ ਮਾਨਸਿਕ ਦਬਾਅ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੇ ਆਪਣਾ ਬੱਚਾ ਗੁਆ ਦਿੱਤਾ।
ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਮਾਰਚ ਮਹੀਨੇ ਵਿੱਚ ਹੀ 8 ਲੋਕਾਂ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਪਰ ਉਨ੍ਹਾਂ ਦਾ ਦੋਸ਼ ਹੈ ਕਿ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਕਿਉਂਕਿ ਸ਼ਿਕਾਇਤ ਕੀਤੇ ਗਏ ਵਿਅਕਤੀ TVK ਪਾਰਟੀ ਦੇ ਸਮਰਥਕ ਸਨ। ਜੂਲੀ, ਜੋ ਕਿ ਮੁੱਖ ਮੰਤਰੀ ਵਿਜੇ ਦੀ ਵਿਰੋਧੀ ਪਾਰਟੀ DMK ਦੀ ਸਮਰਥਕ ਰਹੀ ਹੈ, ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੇ ਵਿਜੇ ਦੀ ਪਾਰਟੀ ਵਿਰੁੱਧ ਆਵਾਜ਼ ਉਠਾਈ ਸੀ।
ਰੋਂਦੇ ਹੋਏ ਜੂਲੀ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ, "ਮੇਰਾ ਬੱਚਾ ਖੋਣ ਲਈ ਵਿਜੇ ਅੰਨਾ ਜ਼ਿੰਮੇਵਾਰ ਹਨ। ਉਨ੍ਹਾਂ ਨੇ ਭਾਵੇਂ ਸਿੱਧੇ ਤੌਰ 'ਤੇ ਕੁਝ ਨਹੀਂ ਕੀਤਾ, ਪਰ ਜੇਕਰ ਉਹ ਆਪਣੇ ਸਮਰਥਕਾਂ ਨੂੰ ਇੱਕ ਵਾਰ ਵੀ ਕਹਿ ਦਿੰਦੇ ਕਿ ਅਜਿਹਾ ਨਾ ਕਰੋ, ਤਾਂ ਅੱਜ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ"। ਇਸ ਘਟਨਾ ਤੋਂ ਬਾਅਦ ਤਮਿਲਨਾਡੂ ਦੀ ਰਾਜਨੀਤੀ ਅਤੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛਿੜ ਗਈ ਹੈ।
