ਕੇਜਰੀਵਾਲ ਵਿਰੁੱਧ ਪਿਛਲੇ 2 ਸਾਲਾਂ ’ਚ ਬਹੁਤ ਸਾਜ਼ਿਸ਼ਾਂ ਰਚੀਆਂ ਗਈਆਂ : ਆਤਿਸ਼ੀ
Tuesday, Sep 24, 2024 - 10:55 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ), ਦਿੱਲੀ ਸਰਕਾਰ, ਦਿੱਲੀ ਦੀ ਜਨਤਾ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਕਈ ਸਾਜ਼ਿਸ਼ਾਂ ਰਚੀਆਂ ਗਈਆਂ ਪਰ ਹਨੂੰਮਾਨ ਜੀ ਨੇ ਹਰ ਸੰਕਟ ਤੋਂ ਸਾਡੀ ਰੱਖਿਆ ਕੀਤੀ। ਆਤਿਸ਼ੀ ਨੇ ਅੱਜ ਇਥੇ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ਵਿਖੇ ਭਗਵਾਨ ਹਨੂੰਮਾਨ ਦੇ ਦਰਸ਼ਨ ਕੀਤੇ, ਪ੍ਰਾਰਥਨਾ ਕੀਤੀ ਅਤੇ ਸਾਰਿਆਂ ਦੀ ਖੁਸ਼ਹਾਲੀ ਲਈ ਆਸ਼ੀਰਵਾਦ ਲਿਆ।
ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਉਨ੍ਹਾਂ ਅੱਜ ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂੰਮਾਨ ਮੰਦਰ ’ਚ ਮੱਥਾ ਟੇਕਿਆ। ਪਿਛਲੇ 2 ਸਾਲਾਂ ਵਿਚ ਆਮ ਆਦਮੀ ਪਾਰਟੀ, ਦਿੱਲੀ ਸਰਕਾਰ, ਦਿੱਲੀ ਦੀ ਜਨਤਾ ਅਤੇ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਖਿਲਾਫ ਕਈ ਸਾਜ਼ਿਸ਼ਾਂ ਰਚੀਆਂ ਗਈਆਂ ਹਨ ਪਰ ਹਨੂੰਮਾਨ ਜੀ ਨੇ ਹਰ ਮੁਸ਼ਕਲ ਵਿਚ ਸਾਡੀ ਰੱਖਿਆ ਕੀਤੀ। ਸੰਕਟ ਮੋਚਨ ਨੂੰ ਇਹੋ ਪ੍ਰਾਰਥਨਾ ਹੈ ਕਿ ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ’ਤੇ ਬਣਿਆ ਰਹੇ, ਅਸੀਂ ਦਿੱਲੀ ਵਾਲਿਆਂ ਦੇ ਕੰਮ ਕਰਦੇ ਰਹੀਏ ਅਤੇ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣਨ।