''ਸਾਡਾ ਤਾਂ ਸਭ ਕੁਝ ਤਬਾਹ ਹੋ ਗਿਆ, ਸਰੀਰ ''ਤੇ ਸਿਰਫ ਕੱਪੜੇ ਹੀ ਬਚੇ''
Monday, Jul 07, 2025 - 11:25 AM (IST)

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੈ। ਬੱਦਲ ਫਟਣ ਮਗਰੋਂ ਆਇਆ ਹੜ੍ਹ ਸਭ ਕੁਝ ਵਹਾ ਕੇ ਲੈ ਗਿਆ। ਦਰਅਸਲ ਮੰਡੀ ਤੋਂ 60 ਕਿਲੋਮੀਟਰ ਦੂਰ ਥੁਨਾਂਗ ਕਸਬੇ ਵਿਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੈ, ਜੋ ਲੋਕ ਇਸ ਆਫ਼ਤ ਵਿਚ ਬਚੇ ਹਨ, ਉਹ ਆਪਣੇ ਰਿਸ਼ਤੇਦਾਰਾਂ ਦੀ ਭਾਲ ਵਿਚ ਜੁੱਟੇ ਹਨ। 75 ਸਾਲਾ ਕਿਨਾਰੀ ਦੇਵੀ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਸਾਡਾ ਤਾਂ ਸਭ ਕੁਝ ਤਬਾਹ ਹੋ ਗਿਆ। ਹੜ੍ਹ ਨੇ ਸਭ ਕੁਝ ਤਬਾਹ ਕਰ ਦਿੱਤਾ।
ਕਿਨਾਰੀ ਦੇਵੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਬੱਦਲ ਫਟਿਆ ਤਾਂ ਉਹ ਅਤੇ ਉਨ੍ਹਾਂ ਦੀ 100 ਸਾਲ ਦੀ ਮਾਂ ਘਰ ਵਿਚ ਸੀ। ਪਾਣੀ ਦਾ ਪੱਧਰ ਜਿਵੇਂ ਹੀ ਵਧਿਆ ਤਾਂ ਆਪਣੀ ਮਾਂ ਨੂੰ ਚੁੱਕ ਕੇ ਕਿਸੇ ਤਰ੍ਹਾਂ ਸੁਰੱਖਿਅਤ ਥਾਂ 'ਤੇ ਪਹੁੰਚੀ। ਬੱਦਲ ਫਟਣ ਮਗਰੋਂ ਸਿਰਫ ਸਰੀਰ 'ਤੇ ਕੱਪੜੇ ਬਚੇ ਹਨ, ਬਾਕੀ ਸਭ ਕੁਝ ਤਬਾਹ ਹੋ ਗਿਆ। ਕਿਨਾਰੀ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਮਕਾਨ ਵਹਿ ਗਏ। ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਸਭ ਵਹਿ ਗਿਆ। ਕਿਨਾਰੀ ਨੇ ਕਿਹਾ ਕਿ ਰਾਸ਼ਨ ਲਈ ਥੁਨਾਂਗ ਬਾਜ਼ਾਰ 'ਚ ਭਟਕ ਰਹੀ ਹੈ।
ਦੱਸ ਦੇਈਏ ਕਿ ਮੰਡੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਨੁਕਸਾਨ ਦਰਜ ਕੀਤਾ ਗਿਆ ਹੈ। ਬੱਦਲ ਫਟਣ, ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ।