ਜੰਮੂ-ਕਸ਼ਮੀਰ ’ਚ ਬੱਦਲ ਫਟਣ ਕਾਰਨ ਨੁਕਸਾਨੇ ਗਏ ਕਈ ਘਰ, ਪ੍ਰਭਾਵਿਤ ਪਰਿਵਾਰਾਂ ਨੂੰ ਬਚਾਇਆ ਗਿਆ

Monday, Aug 02, 2021 - 04:51 PM (IST)

ਜੰਮੂ-ਕਸ਼ਮੀਰ ’ਚ ਬੱਦਲ ਫਟਣ ਕਾਰਨ ਨੁਕਸਾਨੇ ਗਏ ਕਈ ਘਰ, ਪ੍ਰਭਾਵਿਤ ਪਰਿਵਾਰਾਂ ਨੂੰ ਬਚਾਇਆ ਗਿਆ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ਵਿਚ ਬੱਦਲ ਫਟਣ ਨਾਲ ਕਈ ਘਰਾਂ ਅਤੇ ਹੋਰ ਇਮਾਰਤਾਂ ਨੁਕਸਾਨੀਆਂ ਗਈਆਂ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇਅ ’ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਕਈ ਘੰਟਿਆਂ ਤੱਕ ਆਵਾਜਾਈ ਰੁਕੀ ਰਹੀ। ਐਤਵਾਰ ਦੇਰ ਰਾਤ ਬੱਦਲ ਫਟਨ ਨਾਲ ਗੰਦੇਰਬਲ ਦੇ ਕੰਗਨ ਕੋਲ ਸੁਰਫਾ-ਬੁਲਾ ਵਿਚ ਸਥਾਨਕ ਨਾਲੇ ਵਿਚ ਪਾਣੀ ਦਾ ਪੱਧਰ ਵਧ ਗਿਆ। ਐੱਸ. ਡੀ. ਆਰ. ਐੱਫ. ਦੇ ਕਾਮਿਆਂ ਤੋਂ ਇਲਾਵਾ ਕੰਗਨ ਅਤੇ ਗੰਦੇਰਬਲ ਦੇ ਸਟੇਸ਼ਨ ਹਾਊਸ ਅਫ਼ਸਰ ਦੀ ਅਗਵਾਈ ’ਚ ਪੁਲਸ ਟੀਮਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਨਾਲੇ ਦੇ ਦੋਹਾਂ ਕਿਨਾਰਿਆਂ ’ਤੇ ਸਥਿਤ ਘਰਾਂ ’ਚ ਰਹਿਣ ਵਾਲੀਆਂ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਚਾਇਆ।

ਪੁਲਸ ਮੁਤਾਬਕ ਕਈ ਘਰ ਨੁਕਸਾਨੇ ਗਏ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ। ਬਚਾਅ ਮੁਹਿੰਮ ਰਾਤ ਭਰ ਜਾਰੀ ਰਹੀ। ਸੰਪਤੀ ਦੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਹਾਈਵੇਅ ’ਤੇ ਵੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਉਨ੍ਹਾਂ ਨੇ ਕਿਹਾ ਕਿ ਸੀਮਾ ਸੜਕ ਸੰਗਠਨ (ਬੀ. ਆਰ. ਓ.) ਤੁਰੰਤ ਹਰਕਤ ’ਚ ਆਇਆ ਅਤੇ ਹਾਈਵੇਅ ’ਤੇ ਇਕ ਪਾਸੜ ਆਵਾਜਾਈ ਬਹਾਲ ਕਰ ਦਿੱਤੀ। ਆਵਾਜਾਈ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਵਾਹਨ ਲੱਦਾਖ ਤੋਂ ਸ਼੍ਰੀਨਗਰ ਵੱਲ ਜਾ ਰਹੇ ਹਨ।


author

Tanu

Content Editor

Related News