ਕੁੱਲੂ ’ਚ 4 ਥਾਵਾਂ ’ਤੇ ਫਟਿਆ ਬੱਦਲ, 6 ਵਾਹਨ ਮਲਬੇ ਹੇਠ ਦੱਬੇ
Saturday, Jul 22, 2023 - 10:29 AM (IST)

ਕੁੱਲੂ/ਸੈਂਜ (ਬਿਊਰੋ/ਬੁੱਧੀ ਸਿੰਘ)- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਵੀਰਵਾਰ ਰਾਤ 4 ਵੱਖ-ਵੱਖ ਥਾਵਾਂ ’ਚ ਬੱਦਲ ਫਟਿਆ। ਮਣੀਕਰਨ ਵਿਚ ਫਲੈਸ਼ ਫਲੱਡ ਨਾਲ 10 ਦੁਕਾਨਾਂ ਵਿਚ ਮਲਬਾ ਆ ਗਿਆ। ਮਣੀਕਰਨ ਦੇ ਗੁਰਦੁਆਰਾ ਸਾਹਿਬ ਦੇ ਪਿੱਛੇ ਅਚਾਨਕ ਮਲਬਾ ਤੇ ਹੜ੍ਹ ਦੇ ਰੂਪ ਵਿਚ ਹੇਠਾਂ ਹੋਰ ਮਲਬਾ ਆਇਆ ਜਿਸ ਨਾਲ ਲੋਕਾਂ ਵਿਚ ਭੱਜ-ਦੌੜ ਪੈ ਗਈ। ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ। ਉਥੇ ਮਣੀਕਰਨ ਘਾਟੀ ਦੇ ਹੀ ਸ਼ਾਟ ਨਾਲੇ ਵਿਚ ਵੀ ਹੜ੍ਹ ਆਇਆ, ਜਿਸ ਨਾਲ 2 ਦੁਕਾਨਾਂ ਰੁੜ ਗਈਆਂ ਅਤੇ ਜਰੀ ਵਿਚ ਸੜਕ ਧਸ ਗਈ ਹੈ।
ਇਸ ਤੋਂ ਇਲਾਵਾ ਊਝੀ ਘਾਟੀ ਦੇ ਕਰਜਾਂ ਨਾਲੇ ਵਿਚ ਵੀ ਵੀਰਵਾਰ ਰਾਤ ਸਾਢੇ 12 ਵਜੇ ਅਚਾਨਕ ਬੱਦਲ ਫਟਿਆ। ਹੜ੍ਹ ਨਾਲ ਖੇਤੀ ਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਅੱਧਾ ਦਰਜਨ ਵਾਹਨ ਮਲਬੇ ਹੇਠਾਂ ਦੱਬੇ ਗਏ ਹਨ। ਕਰਜਾਂ ਪੰਚਾਇਤ ਦੀ ਪ੍ਰਧਾਨ ਆਸ਼ਾ ਦੇਵੀ ਨੇ ਕਿਹਾ ਕਿ ਅਚਾਨਕ ਭਾਰੀ ਬਾਰਿਸ਼ ਹੋਣ ਨਾਲ ਲੋਕਾਂ ਨੇ ਦੂਸਰਿਆਂ ਦੇ ਘਰਾਂ ਵਿਚ ਜਾ ਕੇ ਰਾਤ ਬਿਤਾਈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਆਉਣ ਨਾਲ ਪ੍ਰਾਇਮਰੀ ਸਕੂਲ ਵਿਚ ਮਲਬਾ ਆਇਆ ਹੈ। ਉਥੇ ਸੈਂਜ ਤਹਿਸੀਲ ਦੇ ਤਹਿਤ ਰੈਲਾ ਪੰਚਾਇਤ ਦੇ ਪਾਸ਼ੀ ਪਿੰਡ ਵਿਚ ਬੱਦਲ ਫੱਟਣ ਨਾਲ ਮਿਡਲ ਅਤੇ ਪ੍ਰਾਇਮਰੀ ਸਕੂਲ ਦੀਆਂ ਇਮਾਰਤਾਂ ਪੂਰਨ ਤੌਰ ’ਤੇ ਨੁਕਸਾਨੀਆਂ ਗਈਆਂ।