ਵਡੋਦਰਾ ’ਚ ਗਣੇਸ਼ ਉਤਸਵ ਦੌਰਾਨ ਫਿਰਕੂ ਝੜਪ
Wednesday, Aug 31, 2022 - 11:03 AM (IST)
ਵਡੋਦਰਾ/ਰਾਏਪੁਰ (ਭਾਸ਼ਾ)– ਗੁਜਰਾਤ ਦੇ ਵਡੋਦਰਾ ’ਚ ਭਗਵਾਨ ਗਣੇਸ਼ ਦੀ ਸ਼ੋਭਾ-ਯਾਤਰਾ ਦੌਰਾਨ ਦੋ ਭਾਈਚਾਰਿਆਂ ਦੇ ਲੋਕਾਂ ’ਚ ਝੜਪ ਹੋ ਗਈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੋਕਾਂ ਨੇ ਪਥਰਾਅ ਵੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਹੋਈ ਝੜਪ ਦੇ ਸਬੰਧ ’ਚ ਪੁਲਿਸ ਨੇ ਹੁਣ ਤੱਕ 13 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਹਾਲਾਂਕਿ ਪੱਥਰਬਾਜ਼ੀ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ।
ਪੁਲਸ ਨੇ ਦੱਸਿਆ ਕਿ ਵਡੋਦਰਾ ਸਿਟੀ ਪੁਲਸ ਸਟੇਸ਼ਨ ’ਚ ਦੰਗਾ ਕਰਨ ਅਤੇ ਗੈਰ-ਕਾਨੂੰਨੀ ਇਕੱਠ ਕਰਨ ਦੇ ਦੋਸ਼ ’ਚ ਦੋਵਾਂ ਭਾਈਚਾਰਿਆਂ ਦੇ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਿਰਕੂ ਰੂਪ ’ਚ ਸੰਵੇਦਨਸ਼ੀਲ ਮੰਡਵੀ ਇਲਾਕੇ ਦੇ ਪਾਨੀਗੇਟ ਗੇਟ ਤੋਂ ਰਾਤ ਲਗਭਗ 11.15 ਵਜੇ ਸ਼ੋਭਾ-ਯਾਤਰਾ ਲੰਘ ਰਹੀ ਸੀ, ਤਾਂ ਅਚਾਨਕ ਕਿਸੇ ਗੱਲ ਨੂੰ ਲੈ ਕੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚ ਤਕਰਾਰ ਹੋ ਗਈ ਅਤੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਪੱਥਰਾਅ ਸ਼ੁਰੂ ਕਰ ਦਿੱਤਾ। ਇਲਾਕੇ ’ਚ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਅਮਨ-ਕਾਨੂੰਨ ਬਣਾਈ ਰੱਖਣ ਲਈ ਇਲਾਕੇ ’ਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।
ਓਧਰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਗਣੇਸ਼ ਚਤੁਰਥੀ ਮੌਕੇ ਵਿਕਰੀ ਲਈ ਰੱਖੀਆਂ ਗਈਆਂ ਭਗਵਾਨ ਗਣੇਸ਼ ਦੀਆਂ 150 ਤੋਂ ਵੱਧ ਮੂਰਤੀਆਂ ਦੀ ਅਣਪਛਾਤੇ ਬਦਮਾਸ਼ਾਂ ਵੱਲੋਂ ਕਥਿਤ ਤੌਰ ’ਤੇ ਭੰਨਤੋੜ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੜਕੇ ਸ਼ਹਿਰ ਦੇ ਆਜ਼ਾਦ ਚੌਂਕ ਥਾਣਾ ਖੇਤਰ ਦੇ ਅਧੀਨ ਅਮਪਾਰਾ ਖੇਤਰ ’ਚ ਸੜਕ ਕਿਨਾਰੇ ਲਾਈਆਂ ਗਈਆਂ 3-4 ਦੁਕਾਨਾਂ ’ਚ ਅਣਪਛਾਤੇ ਬਦਮਾਸ਼ਾਂ ਨੇ ਭਗਵਾਨ ਗਣੇਸ਼ ਦੀਆਂ ਲਗਭਗ 150 ਮੂਰਤੀਆਂ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਇਆ।
ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਪ੍ਰਭਾਵਿਤ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।