ਜਦੋਂ CJI ਚੰਦਰਚੂੜ ਦਾ AI ਵਕੀਲ ਨਾਲ ਹੋ ਗਿਆ ਸਾਹਮਣਾ...
Friday, Nov 08, 2024 - 05:41 AM (IST)

ਨਵੀਂ ਦਿੱਲੀ- ਦੇਸ਼ ਦੇ ਚੀਫ ਜਸਟਿਸ (ਸੀ. ਜੇ. ਆਈ.) ਡੀ. ਵਾਈ. ਚੰਦਰਚੂੜ ਨੇ ਅੱਜ ਸੁਪਰੀਮ ਕੋਰਟ ਵਿਚ ਨੈਸ਼ਨਲ ਜੁਡੀਸ਼ੀਅਲ ਮਿਊਜ਼ੀਅਮ ਅਤੇ ਪੁਰਾਲੇਖ ਦਾ ਉਦਘਾਟਨ ਕੀਤਾ। ਜੱਜਾਂ ਦੀ ਪੁਰਾਣੀ ਲਾਇਬ੍ਰੇਰੀ ਨੂੰ ਅਜਾਇਬ ਘਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਮੌਕੇ ਚੀਫ ਜਸਟਿਸ ਦਾ ਸਾਹਮਣਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਵਕੀਲ ਨਾਲ ਹੋਇਆ। ਇਸ ਦੌਰਾਨ ਸੀ. ਜੇ. ਆਈ. ਨੇ ਏ. ਆਈ. ਵਕੀਲ ਤੋਂ ਮੌਤ ਦੀ ਸਜ਼ਾ ’ਤੇ ਇਕ ਉਲਝਿਆ ਸਵਾਲ ਪੁੱਛਿਆ, ਜਿਸ ਦਾ ਜਵਾਬ ਸੁਣ ਕੇ ਜਸਟਿਸ ਚੰਦਰਚੂੜ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਭਾਵ ਨਵੇਂ ਚੀਫ ਜਸਟਿਸ ਸੰਜੀਵ ਖੰਨਾ ਮੁਸਕਰਾਉਣ ਲੱਗੇ।
ਦਰਅਸਲ, ਏ. ਆਈ. ਵਕੀਲ, ਜੋ ਇਕ ਪੇਸ਼ੇਵਰ ਵਕੀਲ ਵਾਂਗ ਕਾਲਾ ਕੋਟ ਪਹਿਨੇ ਅਤੇ ਟਾਈ ਲਗਾਏ ਹੋਏ ਸੀ ਅਤੇ ਐਨਕ ਵੀ ਲਾਈ ਹੋਈ ਸੀ, ਦਾ ਗਿਆਨ ਪਰਖਣ ਲਈ ਜਸਟਿਸ ਚੰਦਰਚੂੜ ਨੇ ਉਸ ਨੂੰ ਪੁੱਛਿਆ ਕਿ ਕੀ ਭਾਰਤ ਵਿਚ ਮੌਤ ਦੀ ਸਜ਼ਾ ਸੰਵਿਧਾਨਕ ਹੈ? ਇਸ ’ਤੇ ਏ. ਆਈ. ਵਕੀਲ ਨੇ ਤੁਰੰਤ ਜਵਾਬ ਦਿੱਤਾ ਕਿ ਹਾਂ, ਭਾਰਤ ਵਿਚ ਮੌਤ ਦੀ ਸਜ਼ਾ ਸੰਵਿਧਾਨਕ ਹੈ। ਇਹ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਦੁਰਲੱਭ ਮਾਮਲਿਆਂ ਲਈ ਰਾਖਵੀਂ ਹੈ, ਜਿੱਥੇ ਅਪਰਾਧ ਇਕ ਬੇਮਿਸਾਲ ਘਿਨਾਉਣੇ ਕਿਸਮ ਦਾ ਹੋਵੇ, ਉਥੇ ਅਜਿਹੀ ਸਜ਼ਾ ਦਿੱਤੀ ਜਾ ਸਕਦੀ ਹੈ। ਚੀਫ ਜਸਟਿਸ ਇਸ ਜਵਾਬ ਤੋਂ ਸੰਤੁਸ਼ਟ ਨਜ਼ਰ ਆਏ।