ਦਿੱਲੀ ਦੇ ਸਰਕਲ ਰੇਟ ਨੂੰ ਜਲਦੀ ਸੋਧਿਆ ਜਾਵੇਗਾ : ਰੇਖਾ ਗੁਪਤਾ
Sunday, Jun 15, 2025 - 12:06 AM (IST)

ਨਵੀਂ ਦਿੱਲੀ- ਲੰਬੇ ਸਮੇਂ ਬਾਅਦ ਦਿੱਲੀ ਦੇ ਸਰਕਲ ਰੇਟ ਨੂੰ ਜਲਦੀ ਸੋਧਿਆ ਜਾਵੇਗਾ। ਸਰਕਲ ਰੇਟ ਨੂੰ ਸੋਧਣ ਲਈ ਡਿਵੀਜ਼ਨਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਅਣਅਧਿਕਾਰਤ ਕਾਲੋਨੀਆਂ ’ਚ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨ, ਇੱਥੋਂ ਦੇ ਲੋਕਾਂ ਨੂੰ ਮਾਲਕੀ ਅਧਿਕਾਰ ਦੇਣ ਤੇ ਰਜਿਸਟਰੀ ਖੋਲ੍ਹਣ ਸੰਬੰਧੀ ਡੀ. ਡੀ. ਏ. ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਇਕ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਫੈਸਲੇ ਸ਼ਨੀਵਾਰ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਟਾਸਕ ਫੋਰਸ ਦੀ ਮੀਟਿੰਗ ’ਚ ਲਏ ਗਏ। ਸਰਕਲ ਰੇਟ ਆਖਰੀ ਵਾਰ 2014 ’ਚ ਦਿੱਲੀ ’ਚ ਵਧਾਇਆ ਗਿਆ ਸੀ।
ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਰਕਲ ਰੇਟ ਨੂੰ ਸੋਧਣ ਦੇ ਨਿਰਦੇਸ਼ ਦਿੱਤੇ ਗਏ ਹਨ । ਇਸ ਲਈ ਡਿਵੀਜ਼ਨਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਜਲਦੀ ਹੀ ਬਾਜ਼ਾਰ ਦੇ ਮੌਜੂਦਾ ਹਾਲਾਤ ਤੇ ਜਾਇਦਾਦ ਦੀ ਕੀਮਤ ਨੂੰ ਧਿਆਨ ’ਚ ਰੱਖਦੇ ਹੋਏ ਸਰਕਲ ਰੇਟ ਦੇ ਸਹੀ ਨਿਰਧਾਰਨ ਲਈ ਇਕ ਵਿਸਤ੍ਰਿਤ ਰਿਪੋਰਟ ਪੇਸ਼ ਕਰੇਗੀ। ਇਸ ਰਿਪੋਰਟ ਦੇ ਆਧਾਰ ’ਤੇ ਸਰਕਲ ਰੇਟ ਨੂੰ ਸੋਧਿਆ ਜਾਵੇਗਾ।