ਭਾਰਤ-ਚੀਨ ਸਰਹੱਦ ਤੋਂ ਫ਼ੌਜੀਆਂ ਦੀ ਵਾਪਸੀ ਨਾਲ ਦੋਪੱਖੀ ਸਬੰਧ ਬੇਹਤਰ ਹੋਣਗੇ : ਚੀਨੀ ਰਾਜਦੂਤ
Wednesday, Oct 30, 2024 - 09:51 PM (IST)
ਕੋਲਕਾਤਾ, (ਭਾਸ਼ਾ)- ਭਾਰਤ ’ਚ ਚੀਨ ਦੇ ਰਾਜਦੂਤ ਸ਼ੂ ਫੇਈਹੋਂਗ ਨੇ ਬੁੱਧਵਾਰ ਨੂੰ ਆਸ ਪ੍ਰਗਟਾਈ ਹੈ ਕਿ ਪੂਰਬੀ ਲੱਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ਤੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਦੀ ਵਾਪਸੀ ਪੂਰੀ ਹੋਣ ਨਾਲ ਸਬੰਧਾਂ ਨੂੰ ਬੇਹਤਰ ਬਨਾਉਣ ਅਤੇ ਆਉਣ ਵਾਲੇ ਦਿਨਾਂ ’ਚ ਦੋਵਾਂ ਗੁਆਂਢੀਆਂ ਦਰਮਿਆਨ ਬਿਹਤਰ ਸਮਝ ਬਨਾਉਣ ਵਿਚ ਮਦਦ ਮਿਲੇਗੀ। ਚੀਨੀ ਡਿਪਲੋਮੈਟ ਨੇ ਇੱਥੇ ‘ਮਰਚੈਂਟ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ’ (ਐੱਮ. ਸੀ. ਸੀ. ਆਈ. ) ਵੱਲੋਂ ਆਯੋਜਿਤ ਇਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੂਸ ਦੇ ਕਜ਼ਾਨ ’ਚ ਬ੍ਰਿਕਸ ਸਿਖਰ ਸੰਮੇਲਨ ਦੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਦਰਮਿਆਨ ਹੋਈ ਹਾਲੀਆ ਬੈਠਕ ‘ਬੜੀ ਮਹੱਤਵਪੂਰਨ’ ਸੀ।
ਪੂਰਬੀ ਲੱਦਾਖ ਦੇ ਦੇਪਸਾਂਗ ਅਤੇ ਡੇਮਚੋਕ ਇਲਾਕਿਆਂ ਵਿਚ ਭਾਰਤ-ਚੀਨ ਸਰਹੱਦ ਤੋਂ ਫੌਜੀਆਂ ਦੀ ਵਾਪਸੀ ਨਾਲ ਸਬੰਧਤ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਛੇਤੀ ਹੀ ਉੱਥੇ ਫੌਜ ਦੀ ਗਸ਼ਤ ਸ਼ੁਰੂ ਹੋਣ ਦੀ ਆਸ ਹੈ। ਚੀਨੀ ਰਾਜਦੂਤ ਨੇ ਕਿਹਾ, ‘ਮੈਨੂੰ ਆਸ ਹੈ ਕਿ ਇਸ ਆਮ ਸਹਿਮਤੀ ਦੀ ਰੋਸ਼ਨੀ ਵਿਚ ਭਵਿੱਖ ਵਿਚ ਸਬੰਧ ਸੁਚਾਰੂ ਢੰਗ ਨਾਲ ਅੱਗੇ ਵਧਣਗੇ ਅਤੇ ਦੋਵਾਂ ਧਿਰਾਂ ਦਰਮਿਆਨ ਵਿਸ਼ੇਸ਼ ਅਸਹਿਮਤੀ ਦੇ ਕਾਰਨ ਸੀਮਤ ਅਤੇ ਅੜਿੱਕਾ ਨਹੀਂ ਹੋਣਗੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਤਭੇਦਾਂ ਨੂੰ ਕਿਵੇਂ ਦੂਰ ਕੀਤਾ ਜਾਵੇ।’
ਚੀਨੀ ਡਿਪਲੋਮੈਟ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ ਦੋਵਾਂ ਨੇਤਾਵਾਂ ਵਿਚਕਾਰ ਇਹ ਪਹਿਲੀ ਰਸਮੀ ਗੱਲਬਾਤ ਸੀ, ਜਿਸ ’ਚ ਮਹੱਤਵਪੂਰਨ ਸਹਿਮਤੀ ਬਣੀ ਅਤੇ ਦੋਵਾਂ ਗੁਆਂਢੀਆਂ ਦਰਮਿਆਨ ਸਬੰਧਾਂ ਨੂੰ ਅੱਗੇ ਵਧਾਉਣ ਲਈ ਦਿਸ਼ਾ-ਨਿਰਦੇਸ਼ ਤੈਅ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਨੇਤਾਵਾਂ ਦੇ ਦਰਮਿਆਨ ਭਾਰਤ-ਚੀਨ ਸਬੰਧਾਂ ਨੂੰ ਸੁਧਾਰਨ ਅਤੇ ਵਿਕਸਤ ਕਰਨ ’ਤੇ ਮਹੱਤਵਪੂਰਨ ਆਮ ਸਹਿਮਤੀ ਬਣੀ ਅਤੇ ਉਨ੍ਹਾਂ ਨੇ ਦੋਪੱਖੀ ਸਬੰਧਾਂ ਨੂੰ ਪਟੜੀ ’ਤੇ ਵਾਪਸ ਲਿਆਉਣ ਦੀ ਇਕ ਲਈ ਇਕ ਰੂਪਰੇਖਾ ਤੈਅ ਕੀਤੀ।