ਅਰੁਣਾਚਲ ਅਤੇ ਤਿੱਬਤ ਦਰਮਿਆਨ ਵਿਵਾਦ ਵਾਲੇ ਖੇਤਰ ’ਚ ਚੀਨ ਨੇ ਵਸਾ ਦਿੱਤਾ 100 ਘਰਾਂ ਦਾ ਪਿੰਡ

Sunday, Nov 07, 2021 - 10:53 AM (IST)

ਨਵੀਂ ਦਿੱਲੀ- ਚੀਨ ਨੇ ਤਿੱਬਤ ਦੇ ਖੁਦਮੁਖਤਿਆਰ ਖੇਤਰ ਅਤੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦਰਮਿਆਨ ਵਾਦ-ਵਿਵਾਦ ਵਾਲੇ ਖੇਤਰ ਅੰਦਰ ਇਕ ਵੱਡਾ 100 ਘਰਾਂ ਦਾ ਪਿੰਡ ਵਸਾ ਦਿੱਤਾ ਹੈ। ਅਮਰੀਕੀ ਰੱਖਿਆ ਵਿਭਾਗ ਨੇ ਚੀਨ ਨਾਲ ਜੁੜੇ ਫੌਜੀ ਅਤੇ ਸੁਰੱਖਿਆ ਵਿਕਾਸ ’ਤੇ ‘ਕਾਂਗਰਸ’ ਨੂੰ ਪੇਸ਼ ਕੀਤੀ ਆਪਣੀ ਸਾਲਾਨਾ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ ਕਿ ਚੀਨੀ ਮੀਡੀਆ ਨੇ ਇਸ ਦੌਰਾਨ ਬੀਜਿੰਗ ਦੇ ਦਾਅਵਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਅਤੇ ਭਾਰਤ ਦੇ ਦਾਅਵਿਆਂ ਨੂੰ ਰੱਦ ਕਰਨਾ ਜਾਰੀ ਰੱਖਿਆ। 

PunjabKesari

ਇਹ ਵੀ ਕਿਹਾ ਗਿਆ ਹੈ ਕਿ ਚੀਨੀ ਮੀਡੀਆ ਨੇ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਨਾਲ ਭਾਰਤ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੰਮ ਲਈ ਚੀਨੀ ਮੀਡੀਆ ਖਿਚਾਅ ਵਧਾਉਣ ਦਾ ਦੋਸ਼ ਭਾਰਤ ’ਤੇ ਲਾਉਂਦਾ ਰਿਹਾ। ਚੀਨ ਨੇ ਆਪਣੇ ਦਾਅਵੇ ਵਾਲੀ ਜ਼ਮੀਨ ਤੋਂ ਫੌਜ ਨੂੰ ਹਟਾਉਣ ਤੋਂ ਵੀ ਸਾਫ ਨਾਂਹ ਕਰ ਦਿੱਤੀ। ਉਸ ਨੇ ਸ਼ਰਤ ਰੱਖੀ ਕਿ ਉਹ ਉਦੋਂ ਤੱਕ ਫੌਜ ਨੂੰ ਪਿੱਛੇ ਨਹੀਂ ਹਟਾਏਗਾ ਜਦੋਂ ਤੱਕ ਉਸ ਦੇ ਦਾਅਵੇ ਵਾਲੀ ਜ਼ਮੀਨ ਤੋਂ ਭਾਰਤੀ ਫੌਜ ਪਿੱਛੇ ਨਹੀਂ ਹਟ ਜਾਂਦੀ ਅਤੇ ਉਸ ਖੇਤਰ ’ਚ ਬੁਨਿਆਦੀ ਢਾਂਚੇ ’ਚ ਸੁਧਾਰ ਦੇ ਕੰਮ ਨੂੰ ਰੋਕਿਆ ਨਹੀਂ ਜਾਂਦਾ।

ਭਾਰਤ-ਅਮਰੀਕੀ ਸਬੰਧਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼-
ਅਮਰੀਕੀ ਰੱਖਿਆ ਵਿਭਾਗ ਨੇ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਚੀਨ ਨੇ ਭਾਰਤ ਨੂੰ ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀਪਲਜ਼ ਰਿਪਬਲਿਕ ਆਫ ਚਾਈਨਾ (ਪੀ. ਆਰ. ਸੀ.) ਦੇ ਅਧਿਕਾਰੀਆਂ ਨੇ ਅਧਿਕਾਰਤ ਬਿਆਨਾਂ ਅਤੇ ਕੌਮੀ ਮੀਡੀਆ ਰਾਹੀਂ ਭਾਰਤ ਨੂੰ ਵਾਸ਼ਿੰਗਟਨ ਨਾਲ ਆਪਣੇ ਸਬੰਧਾਂ ਨੂੰ ਪੂਰਾ ਕਰਨ ਤੋਂ ਰੋਕਣ ਲਈ ਅਸਫਲ ਯਤਨ ਕੀਤਾ ਹੈ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਚੀਨੀ ਅਧਿਕਾਰੀਆਂ ਨੇ ਅਮਰੀਕੀ ਅਧਿਕਾਰੀਆਂ ਨੂੰ ਭਾਰਤ ਨਾਲ ਉਸ ਦੇ ਸਬੰਧਾਂ ’ਚ ਦਖਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਪਿਛਲੇ 8 ਮਹੀਨਿਆਂ ’ਚ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਸਬੰਧੀ ਵਿਸਥਾਰ ਨਾਲ ਦੱਸਦੇ ਹੋਏ ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਰਹੱਦ ’ਤੇ ਟੈਨਸ਼ਨ ਨੂੰ ਘੱਟ ਕਰਨ ਲਈ ਚੱਲ ਰਹੀ ਡਿਪਲੋਮੈਟਿਕ ਅਤੇ ਫੌਜੀ ਗੱਲਬਾਤ ਦੇ ਬਾਵਜੂਦ ਪੀ. ਆਰ. ਸੀ. ਨੇ ਐੱਲ. ਏ. ਸੀ. ’ਤੇ ਆਪਣੇ ਦਾਅਵਿਆਂ ਨੂੰ ਮਜ਼ਬੂਤ ਕਰਨ ਲਈ ਵੱਡੀ ਪੱਧਰ ’ਤੇ ਅਤੇ ਜੰਗੀ ਕਾਰਵਾਈ ਕਰਨੀ ਜਾਰੀ ਰੱਖੀ ਹੈ।

ਗਲਵਾਨ ਘਾਟੀ ’ਚ ਡੈੱਡਲਾਕ ’ਤੇ ਚੀਨ ਦਾ ਰੁਖ਼-
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਲ. ਏ. ਸੀ. ’ਤੇ ਭਾਰਤ ਨਾਲ ਟੈਨਸ਼ਨ ਨੇ ਮਈ 2020 ਦੇ ਅੱਧ ਵਿਚ ਚੀਨੀ ਅਤੇ ਭਾਰਤੀ ਫੌਜੀਆਂ ਦਰਮਿਆਨ ਚੱਲ ਰਹੇ ਡੈੱਡਲਾਕ ਨੂੰ ਜਨਮ ਦਿੱਤਾ ਜੋ ਸਰਦੀਆਂ ਦੇ ਮੌਸਮ ਤੱਕ ਚੱਲਿਆ। ਭਾਰਤੀ ਫੌਜ ਅਤੇ ਪੀ. ਐੱਲ. ਏ. ਦਰਮਿਆਨ ਲੱਦਾਖ ਦੀ ਗਲਵਾਨ ਘਾਟੀ ’ਚ ਹੋਈਆਂ ਝੜਪਾਂ ਪਿੱਛੋਂ 15 ਜੂਨ, 2020 ਨੂੰ ਡੈੱਡਲਾਕ ਹੋਰ ਵੀ ਵਧ ਗਿਆ। ਇਸ ਕਾਰਨ 20 ਭਾਰਤੀ ਜਵਾਨ ਸ਼ਹੀਦ ਹੋ ਗਏ। ਦੋਹਾਂ ਪਾਸਿਆਂ ਦੇ ਕਈ ਜਵਾਨ ਜ਼ਖਮੀ ਵੀ ਹੋਏ। ਡੈੱਡਲਾਕ ਦੌਰਾਨ ਪੀ. ਆਰ. ਸੀ. ਦੇ ਅਧਿਕਾਰੀਆਂ ਨੇ ਸੰਕਟ ਦੀ ਗੰਭੀਰਤਾ ਨੂੰ ਘੱਟ ਕਰਨ ’ਤੇ ਵੀ ਜ਼ੋਰ ਦਿੱਤਾ ਹੈ। ਸਰਹੱਦ ਦੀ ਸਥਿਰਤਾ ਨੂੰ ਬਣਾਈ ਰੱਖਣ ਅਤੇ ਭਾਰਤ ਨਾਲ ਆਪਣੇ ਦੋ-ਪਾਸੜ ਸਬੰਧਾਂ ਅਧੀਨ ਹੋਰਨਾਂ ਖੇਤਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਪੈਂਟਾਗਨ ਨੇ ਕਿਹਾ ਕਿ ਫਰਵਰੀ 2021 ’ਚ ਚੀਨ ਦੇ ਕੇਂਦਰੀ ਫੌਜੀ ਕਮਿਸ਼ਨ (ਸੀ. ਐੱਮ. ਸੀ.) ਨੇ ਪੀ. ਐੱਲ. ਏ. ਦੇ ਚਾਰ ਫੌਜੀਆਂ ਲਈ ਮਰਨ ਉਪਰੰਤ ਪੁਰਸਕਾਰ ਦਾ ਐਲਾਨ ਕੀਤਾ। ਉਂਝ ਚੀਨ ਦੇ ਜ਼ਖਮੀਆਂ ਦੀ ਕੁੱਲ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।


Tanu

Content Editor

Related News