ਚੀਨ-ਪਾਕਿਸਤਾਨ ਮਿਲ ਕੇ ਅੱਜ ਨਹੀਂ ਤਾਂ ਕੱਲ ਭਾਰਤ ’ਤੇ ਹਮਲਾ ਕਰ ਸਕਦੈ : ਰਾਹੁਲ ਗਾਂਧੀ
Monday, Dec 26, 2022 - 01:05 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਦੋਵੇਂ ਭਾਰਤ ਖਿਲਾਫ ਇਕਜੁੱਟ ਹਨ ਅਤੇ ਜਲਦੀ ਜਾਂ ਬਾਅਦ ’ਚ ਮਿਲ ਕੇ ਦੇਸ਼ ’ਤੇ ਹਮਲਾ ਕਰ ਸਕਦੇ ਹਨ। ਸਾਬਕਾ ਸੈਨਿਕਾਂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ ਕਿ ਭਾਰਤ ‘‘ਬਹੁਤ ਨਾਜ਼ੁਕ’’ ਸਥਿਤੀ ’ਚ ਹੈ ਅਤੇ ਉਸ ਨੂੰ ਹੁਣ ਕਦਮ ਉਠਾਉਣੇ ਚਾਹੀਦੇ ਹਨ ਨਹੀਂ ਤਾਂ ਉਸ ਨੂੰ ਵੱਡਾ ਝਟਕਾ ਲਗੇਗਾ।
ਰਾਹੁਲ ਨੇ ਐਤਵਾਰ ਨੂੰ ਆਪਣੇ ਯੂ-ਟਿਊਬ ਚੈਨਲ ’ਤੇ ਇਹ ਗੱਲਬਾਤ ਸਾਂਝੀ ਕੀਤੀ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗਲਵਾਨ ਅਤੇ ਡੋਕਲਾਮ ’ਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਝੜਪਾਂ ਜੁੜੀਆਂ ਹੋਈਆਂ ਸਨ ਅਤੇ ਪਾਕਿਸਤਾਨ ਨਾਲ ਮਿਲ ਕੇ ਭਾਰਤ ’ਤੇ ਹਮਲਾ ਕਰਨ ਦੀ ਚੀਨ ਦੀ ਰਣਨੀਤੀ ਦਾ ਹਿੱਸਾ ਸਨ। ਰਾਹੁਲ ਨੇ ਪੰਜ ਮਿੰਟ ਦੇ ਵੀਡੀਓ ’ਚ ਕਿਹਾ, ਚੀਨ ਅਤੇ ਪਾਕਿਸਤਾਨ ਇਕ ਹੋ ਗਏ ਹਨ ਅਤੇ ਜੇਕਰ ਜੰਗ ਛਿੜਦੀ ਹੈ ਤਾਂ ਇਕ ਨਾਲ ਨਹੀਂ ਸਗੋਂ ਦੋਵਾਂ ਨਾਲ ਹੋਵੇਗੀ। ਦੇਸ਼ ਨੂੰ ਬਹੁਤ ਵੱਡਾ ਝਟਕਾ ਲੱਗੇਗਾ। ਭਾਰਤ ਹੁਣ ਬਹੁਤ ਨਾਜ਼ੁਕ ਸਥਿਤੀ ’ਚ ਹੈ।