ਚੀਨ ਦੀ ਨਾਪਾਕ ਸਾਜਿਸ਼ ਦਾ ਖ਼ੁਲਾਸਾ- PM ਮੋਦੀ ਸਮੇਤ 10 ਹਜ਼ਾਰ ਭਾਰਤੀਆਂ ਦੀ ਹੋ ਰਹੀ ਜਾਸੂਸੀ
Monday, Sep 14, 2020 - 11:55 AM (IST)
ਨਵੀਂ ਦਿੱਲੀ- ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦਰਮਿਆਨ ਹਾਲਾਤ ਹਾਲੇ ਵੀ ਤਣਾਅਪੂਰਨ ਬਣੇ ਹੋਏ ਹਨ, ਇਕ ਤਰ੍ਹਾਂ ਨਾਲ ਐੱਲ.ਏ.ਸੀ. 'ਤੇ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਐੱਲ.ਏ.ਸੀ. 'ਤੇ ਚੀਨੀ ਫੌਜੀਆਂ ਦੇ ਨਾਪਾਕ ਇਰਾਦਿਆਂ 'ਤੇ ਤਾਂ ਭਾਰਤੀ ਫੌਜ ਨੇ ਪਾਣੀ ਫੇਰ ਦਿੱਤਾ ਸੀ। ਇਸੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ ਕਿ ਚੀਨ ਕੁਝ ਕੰਪਨੀਆਂ ਰਾਹੀਂ ਭਾਰਤ 'ਚ ਵੱਡੇ-ਵੱਡੇ ਨੇਤਾਵਾਂ ਅਤੇ ਹਾਈ ਪ੍ਰੋਫਾਈਲ ਹਸਤੀਆਂ ਦੀ ਜਾਸੂਸੀ ਕਰਵਾ ਰਿਹਾ ਹੈ। ਖ਼ਬਰ ਹੈ ਕਿ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਮੁੱਖ ਮੰਤਰੀ ਤੋਂ ਲੈ ਕੇ ਫੌਜ ਦੇ ਅਫ਼ਸਰ ਤੱਕ ਅਤੇ ਵੱਡੇ ਅਫ਼ਸਰਾਂ ਤੋਂ ਲੈ ਕੇ ਬਿਜ਼ਨੈੱਸਮੈਨ ਤੱਕ ਹਰ ਕੋਈ ਚੀਨ ਦੇ ਨਿਸ਼ਾਨੇ 'ਤੇ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ, ਜਦੋਂ ਭਾਰਤ 'ਚ ਕਈ ਚੀਨੀ ਕੰਪਨੀਆਂ 'ਤੇ ਬੈਨ ਲਗਾਇਆ ਗਿਆ ਹੈ।
10 ਹਜ਼ਾਰ ਭਾਰਤੀਆਂ 'ਤੇ ਰੱਖੀ ਜਾ ਰਹੀ ਹੈ ਨਜ਼ਰ
ਇਕ ਅੰਗਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਚਾਈਨੀਜ਼ ਕੰਪਨੀ ਸ਼ੇਨਜਾਨ ਭਾਰਤ 'ਚ ਕਰੀਬ 10 ਹਜ਼ਾਰ ਲੋਕਾਂ ਦੀ ਜਾਸੂਸੀ ਕਰਵਾ ਰਹੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਕੰਪਨੀ ਦਾ ਚੀਨ ਦੀ ਸਰਕਾਰ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸਿੱਧਾ ਸੰਬੰਧ ਹੈ ਅਤੇ ਇਹ ਕੰਪਨੀ ਪ੍ਰਧਾਨ ਮੰਤਰੀ ਤੋਂ ਲੈ ਕੇ ਇਕ ਮੇਅਰ ਤੱਕ ਕਰੀਬ 10 ਹਜ਼ਾਰ ਭਾਰਤੀਆਂ 'ਤੇ ਨਜ਼ਰ ਰੱਖ ਰਹੀ ਹੈ।
ਇਨ੍ਹਾਂ ਭਾਰਤੀਆਂ 'ਤੇ ਰੱਖੀ ਜਾ ਰਹੀ ਹੈ ਨਜ਼ਰ
ਜਿਨ੍ਹਾਂ ਭਾਰਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਉਨ੍ਹਾਂ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਆਫ਼ ਇੰਡੀਆ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਗਾਂਧੀ ਪਰਿਵਾਰ, ਮਮਤਾ ਬੈਨਰਜੀ, ਊਧਵ ਠਾਕਰੇ, ਨਵੀਨ ਪਟਨਾਇਕ ਵਰਗੇ ਵੱਡੇ ਨੇਤਾ, ਰਾਜਨਾਥ ਸਿੰਘ, ਪੀਊਸ਼ ਗੋਇਲ ਵਰਗੇ ਕੇਂਦਰੀ ਮੰਤਰੀ, ਸੀ.ਡੀ.ਐੱਸ. ਬਿਪਿਨ ਰਾਵਤ ਸਮੇਤ ਕਈ ਵੱਡੇ ਫੌਜ ਦੇ ਅਫ਼ਸਰ ਸ਼ਾਮਲ ਹਨ। ਅਖਬਾਰ ਦਾ ਦਾਅਵਾ ਹੈ ਕਿ ਚੀਨੀ ਕੰਪਨੀਆਂ ਇਨ੍ਹਾਂ ਸਾਰੀਆਂ ਹਸਤੀਆਂ ਦੀ ਡਿਜ਼ੀਟਲ ਲਾਈਫ਼ ਨੂੰ ਫੋਲੋ ਕਰ ਰਹੀ ਹੈ, ਨਾਲ ਹੀ ਇਹ ਲੋਕ, ਇਨ੍ਹਾਂ ਦੇ ਪਰਿਵਾਰ ਵਾਲੇ ਅਤੇ ਸਮਰਥਕ ਕਿਵੇਂ ਕੰਮ ਕਰ ਦੇ ਹਨ, ਇਸ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਦਿੱਗਜ ਹਸਤੀਆਂ ਦਾ ਰੀਅਲ ਟਾਈਮ ਡਾਟਾ ਇਕੱਠਾ ਕਰ ਰਹੀ ਹੈ ਚੀਨੀ ਕੰਪਨੀ
ਚੀਨੀ ਕੰਪਨੀ ਭਾਰਤ ਦੇ ਇਨ੍ਹਾਂ ਸਾਰੀਆਂ ਦਿੱਗਜ ਹਸਤੀਆਂ ਦਾ ਰੀਅਲ ਟਾਈਮ ਡਾਟਾ ਇਕੱਠਾ ਕਰ ਰਹੀ ਹੈ। ਖ਼ਬਰ ਅਨੁਸਾਰ ਕੰਪਨੀ ਇਸ ਸਾਰੇ ਡਾਟਾ ਨੂੰ ਚੀਨੀ ਸਰਕਾਰ ਨਾਲ ਸ਼ੇਅਰ ਕਰੇਗੀ। ਚੀਨੀ ਕੰਪਨੀ ਨੇ ਵੱਡੇ ਨੇਤਾਵਾਂ, ਖਿਡਾਰੀਆਂ, ਬਿਜ਼ਨੈੱਸਮੈਨ, ਪੱਤਰਕਾਰਾਂ ਦੇ ਰਿਸ਼ਤੇਦਾਰਾਂ ਦੀ ਵੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਅਖਬਾਰ ਨੇ ਦਾਅਵਾ ਕੀਤਾ ਹੈ ਕਿ ਸ਼ੇਨਜਾਨ ਇਨਫਾਰਮੇਸ਼ਨ ਤਕਨਾਲੋਜੀ ਫਰਮ ਨੇ ਚੀਨੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਨਾਲ ਮਿਲਕ ਓਵਰਸੀਜ਼ ਦਾ ਇਨਫਾਰਮੇਸ਼ਨ ਡਾਟਾ ਬੇਸ ਬਣਾਇਆ ਹੈ, ਜਿਸ ਦੇ ਅਧੀਨ ਇਸ ਮਿਸ਼ਨ ਦਾ ਪੂਰਾ ਕੰਮ ਹੁੰਦਾ ਹੈ। ਚੀਨੀ ਕੰਪਨੀ ਨੇ ਇਸ ਇਕੱਠੇ ਕੀਤੇ ਡਾਟਾ ਨੂੰ ਚੀਨੀ ਕੰਪਨੀਆਂ ਹਾਈਬ੍ਰੇਡ ਵਾਰ ਦਾ ਨਾਂ ਦੇ ਰਹੀਆਂ ਹਨ ਅਤੇ ਸਾਰਾ ਦਾ ਸਾਰਾ ਡਾਟਾ ਇਸ 'ਚ ਸੁਰੱਖਿਅਤ ਕੀਤਾ ਜਾ ਰਿਹਾ ਹੈ।
ਨੇਤਾਵਾਂ ਤੋਂ ਇਲਾਵਾ ਇਨ੍ਹਾਂ 'ਤੇ ਹੀ ਨਜ਼ਰ ਰੱਖ ਰਿਹਾ ਹੈ ਚੀਨ
ਅਖਬਾਰ ਨੇ ਖੁਲਾਸਾ ਕੀਤਾ ਕਿ ਨੇਤਾਵਾਂ ਤੋਂ ਇਲਾਵਾ ਸਚਿਨ ਤੇਂਦੁਲਕਰ ਵਰਗੇ ਖਿਡਾਰੀਆਂ, ਗੌਤਮ ਅਡਾਨੀ ਵਰਗੇ ਬਿਜ਼ਨੈੱਸਮੈਨ, ਫਿਲਮ ਡਾਇਰੈਕਟਰ ਸ਼ਾਮ ਬੇਨੇਗਲ, ਸੋਨਲ ਮਾਨਸਿੰਘ, ਰਾਧੇ ਮਾਂ ਵਰਗੀਆਂ ਹਸਤੀਆਂ 'ਤੇ ਵੀ ਚੀਨ ਦੀ ਨਜ਼ਰ ਹੈ। ਇਸ ਲਿਸਟ 'ਚ ਮੌਜੂਦਾ ਪ੍ਰਧਾਨ ਮੰਤਰੀ ਤੋਂ ਇਲਾਵਾ 5 ਸਾਬਕਾ ਪ੍ਰਧਾਨ ਮੰਤਰੀ, 20 ਤੋਂ ਵੱਧ ਮੁੱਖ ਮੰਤਰੀ, ਸਿਆਸੀ ਦਲਾਂ ਦੇ ਮੁੱਖ, ਮੌਜੂਦਾ ਫੌਜ ਮੁਖੀ ਤੋਂ ਇਲਾਵਾ ਕਰੀਬ ਇਕ ਦਰਜਨ ਸਾਬਕਾ ਮੁਖੀ, ਸੰਸਦ ਮੈਂਬਰ, ਵੱਖ-ਵੱਖ ਮੰਤਰਾਲਿਆਂ 'ਚ ਕੰਮ ਕਰਨ ਵਾਲੇ ਅਧਿਕਾਰੀਆਂ ਤੱਕ ਦਾ ਨਾਂ ਹੈ। ਇੰਨਾ ਹੀ ਨਹੀਂ ਚੀਨੀ ਕੰਪਨੀਆਂ ਅਜਿਹੇ ਲੋਕ, ਜਿਨ੍ਹਾਂ ਦਾ ਭਾਰਤ 'ਚ ਕ੍ਰਾਈਮ ਦਾ ਰਿਕਾਰਡ ਹੈ, ਉਨ੍ਹਾਂ ਦੀ ਵੀ ਜਾਸੂਸੀ ਕਰ ਰਹੀ ਹੈ ਅਤੇ ਉਨ੍ਹਾਂ ਦਾ ਵੀ ਪੂਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ।
100 ਤੋਂ ਵੱਧ ਚੀਨੀ ਮੋਬਾਇਲ ਐਪ ਬੈਨ
ਦੱਸਣਯੋਗ ਹੈ ਕਿ ਹਾਲ ਹੀ 'ਚ ਭਾਰਤ ਤੋਂ ਇਕ ਚੀਨੀ ਨਾਗਰਿਕ ਗ੍ਰਿਫ਼ਤਾਰ ਹੋਇਆ ਸੀ, ਜੋ ਭਾਰਤ 'ਚ ਰਹਿ ਕੇ ਹਵਾਲਾ ਦਾ ਕੰਮ ਕਰਨ ਤੋਂ ਇਲਾਵਾ ਕੁਝ ਜ਼ਰੂਰੀ ਜਾਣਕਾਰੀ ਵੀ ਆਪਣੇ ਦੇਸ਼ ਨੂੰ ਭੇਜ ਰਿਹਾ ਸੀ। ਭਾਰਤ ਸਰਕਾਰ ਨੇ ਕੁਝ ਸਮੇਂ ਪਹਿਲਾਂ ਹੀ ਡਾਟਾ ਚੋਰੀ ਅਤੇ ਦੇਸ਼ ਦੀ ਸੁਰੱਖਿਆ ਨੂੰ ਦੇਖਦੇ ਹੋਏ 100 ਤੋਂ ਵੱਧ ਚੀਨੀ ਮੋਬਾਇਲ ਐਪ 'ਤੇ ਬੈਨ ਲਗਾ ਦਿੱਤਾ ਸੀ।