ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕੋਵਿਡ-19 ਜਾਂਚ ਰਿਪੋਰਟ ਫਿਰ ਆਈ ਪਾਜ਼ੇਟਿਵ

Monday, Aug 03, 2020 - 05:09 PM (IST)

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕੋਵਿਡ-19 ਜਾਂਚ ਰਿਪੋਰਟ ਫਿਰ ਆਈ ਪਾਜ਼ੇਟਿਵ

ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਿਛਲੇ 9 ਦਿਨਾਂ ਤੋਂ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਇਲਾਜ ਕਰਵਾ ਰਹੇ ਹਨ। ਸ਼ਿਵਰਾਜ ਸਿੰਘ ਚੌਹਾਨ ਦੀ ਕੋਵਿਡ-19 ਦੀ ਐਤਵਾਰ ਨੂੰ ਕਰਵਾਈ ਗਈ ਜਾਂਚ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸਲਈ ਉਨ੍ਹਾਂ ਨੂੰ ਕੁਝ ਦਿਨ ਹੋਰ ਹਸਪਤਾਲ 'ਚ ਬਿਤਾਉਣੇ ਹੋਣਗੇ। ਉਹ ਭੋਪਾਲ ਸਥਿਤ ਚਿਰਾਊ ਮੈਡੀਕਲ ਕਾਲਜ ਅਤੇ ਹਸਪਤਾਲ 'ਚ 25 ਜੁਲਾਈ ਤੋਂ ਦਾਖ਼ਲ ਹਨ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਮੁੱਖ ਮੰਤਰੀ ਚੌਹਾਨ ਦੀ ਕੋਵਿਡ-19 ਜਾਂਚ ਰਿਪੋਰਟ ਸੋਮਵਾਰ ਨੂੰ ਫਿਰ ਤੋਂ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਕਿਹਾ,''ਇਸ ਲਈ ਮੁੱਖ ਮੰਤਰੀ ਨੂੰ ਕੁਝ ਹੋਰ ਦਿਨ ਹਸਪਤਾਲ 'ਚ ਰਹਿਣਾ ਹੋਵੇਗਾ।'' ਐਤਵਾਰ ਰਾਤ ਚੌਹਾਨ ਨੇ ਟਵੀਟ ਕੀਤਾ ਸੀ,''ਅੱਜ (ਐਤਵਾਰ) ਨੂੰ ਹਸਪਤਾਲ 'ਚ ਮੇਰਾ 9ਵਾਂ ਦਿਨ ਹੈ। ਮੈਂ ਸਿਹਤਮੰਦ ਹਾਂ, ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਹੈ। ਐਤਵਾਰ ਸਵੇਰੇ ਕੋਰੋਨਾ ਵਾਇਰਸ ਜਾਂਚ ਲਈ ਮੇਰਾ ਨਮੂਨਾ ਲਿਆ ਗਿਆ ਹੈ। ਰਿਪੋਰਟ ਨੈਗੇਟਿਵ ਆਈ ਤਾਂ (ਸੋਮਵਾਰ) ਨੂੰ ਛੁੱਟੀ ਮਿਲ ਜਾਵੇਗੀ।'' ਚਿਰਾਊ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅੱਜ ਜਾਰੀ ਬੁਲੇਟਿਨ ਅਨੁਸਾਰ ਚੌਹਾਨ ਦੀ ਕੋਵਿਡ-19 ਦੀ ਐਤਵਾਰ ਨੂੰ ਕਰਵਾਈ ਗਈ ਰਿਪੋਰਟ ਵੀ ਪਾਜ਼ੇਟਿਵ ਆਈ ਹੈ ਪਰ ਉਨ੍ਹਾਂ ਦੀ ਸਥਿਤੀ ਆਮ ਹੈ।


author

DIsha

Content Editor

Related News