ਚਾਰਧਾਮ ਯਾਤਰਾ; ਖ਼ਰਾਬ ਮੌਸਮ ਅਤੇ ਮਾੜੇ ਪ੍ਰਬੰਧਨ ਕਾਰਨ ਸ਼ਰਧਾਲੂ ਹੋ ਰਹੇ ਪਰੇਸ਼ਾਨ

Wednesday, May 17, 2023 - 12:26 PM (IST)

ਚਾਰਧਾਮ ਯਾਤਰਾ; ਖ਼ਰਾਬ ਮੌਸਮ ਅਤੇ ਮਾੜੇ ਪ੍ਰਬੰਧਨ ਕਾਰਨ ਸ਼ਰਧਾਲੂ ਹੋ ਰਹੇ ਪਰੇਸ਼ਾਨ

ਦੇਹਰਾਦੂਨ- ਚਾਰਧਾਮ ਯਾਤਰਾ 'ਚ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ। ਕੇਦਾਰਨਾਥ ਯਾਤਰਾ ਲਈ ਰੋਜ਼ਾਨਾ ਰਜਿਸਟ੍ਰੇਸ਼ਨ ਦਾ ਅੰਕੜਾ 30 ਹਜ਼ਾਰ ਤੋਂ ਵੱਧ ਪਹੁੰਚ ਗਿਆ ਹੈ। 22 ਅਪ੍ਰੈਲ ਨੂੰ ਸ਼ੁਰੂ ਹੋਈ ਚਾਰਧਾਮ ਯਾਤਰਾ ਨੂੰ 26 ਦਿਨ ਹੋ ਚੁੱਕੇ ਹਨ। ਹੁਣ ਤੱਕ 8 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। 

ਉੱਥੇ ਹੀ ਕੇਦਾਰ ਘਾਟੀ ਵਿਚ ਲਗਾਤਾਰ ਮੌਸਮ ਖ਼ਰਾਬ ਹੋਣ ਕਾਰਨ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਇਸ ਨੂੰ ਵੇਖਦੇ ਹੋਏ ਸਰਕਾਰ ਨੇ ਭੀੜ ਨੂੰ ਕੰਟਰੋਲ ਕਰਨ ਲਈ ਨਵੀਂ ਰਜਿਸਟ੍ਰੇਸ਼ਨ 'ਤੇ ਰੋਕ ਲਾ ਦਿੱਤੀ ਹੈ। ਖ਼ਰਾਬ ਮੌਸਮ ਕਾਰਨ ਤੀਰਥ ਯਾਤਰੀਆਂ ਨੂੰ ਥਾਂ-ਥਾਂ ਰੋਕਿਆ ਜਾ ਰਿਹਾ ਹੈ। ਇਸ ਨਾਲ ਯਾਤਰਾ ਦੇ ਸ਼ੈਡਿਊਲ ਨਾਲ ਬਜਟ ਵੀ ਗੜਬੜਾ ਰਿਹਾ ਹੈ। ਯਾਤਰਾ ਦੀ ਪਲਾਨਿੰਗ ਕਰ ਕੇ ਆਉਣ ਵਾਲੇ ਕਈ ਸ਼ਰਧਾਲੂਆਂ ਨੂੰ ਮਜਬੂਰੀ 'ਚ 2-3 ਦਿਨ ਧਾਮ ਦੀ ਯਾਤਰਾ ਕਰ ਕੇ ਹੀ ਪਰਤਣਾ ਪੈ ਰਿਹਾ ਹੈ। 

ਗੰਗੋਤਰੀ ਧਾਮ 'ਚ ਟੋਕਨ ਸਿਸਟਮ ਬਣਾਇਆ ਗਿਆ ਹੈ। ਦਾਅਵਾ ਸੀ ਕਿ ਲੰਮੀਆਂ ਲਾਈਨਾਂ ਵਿਚ ਨਹੀਂ ਲੱਗਣਾ ਪਵੇਗਾ ਪਰ ਖ਼ਰਾਬ ਯਾਤਰਾ ਵਿਵਸਥਾ ਕਾਰਨ ਇਹ ਦਾਅਵਾ ਹਵਾਈ ਸਾਬਤ ਹੋਇਆ। ਇਸ ਤੋਂ ਇਲਾਵਾ ਯਾਤਰਾ ਰਜਿਸਟ੍ਰੇਸ਼ਨ ਲਈ ਵੀ ਤੀਰਥ ਯਾਤਰੀਆਂ ਨੂੰ ਘੰਟਿਆਂ ਬੱਧੀ ਲਾਈਨਾਂ 'ਚ ਲੱਗਣਾ ਪੈ ਰਿਹਾ ਹੈ। ਲੱਗਭਗ 3-3 ਕਿਲੋਮੀਟਰ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ। ਸਭ ਤੋਂ ਜ਼ਿਆਦਾ ਮੁਸ਼ਕਲ ਖ਼ਰਾਬ ਮੌਸਮ ਕਾਰਨ ਹੋ ਰਹੀ ਹੈ। ਕਈ ਲੋਕਾਂ ਦੀ ਵਧੇਰੇ ਠੰਡ ਕਾਰਨ ਸਿਹਤ ਖਰਾਬ ਹੋਈ ਹੈ। ਕੇਦਾਰਨਾਥ ਧਾਮ ਵਿਖੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਅਸਲ ਇੱਥੇ ਮੀਂਹ ਅਤੇ ਧੁੰਦ ਰਹਿੰਦੀ ਹੈ। ਮੀਂਹ ਵਿਚ ਭਿੱਜੇ ਲੋਕਾਂ 'ਚ ਬਰਫ਼ੀਲੀਆਂ ਹਵਾਵਾਂ ਕੰਬਣ ਪੈਦਾ ਕਰ ਦਿੰਦੀਆਂ ਹਨ। 
 


author

Tanu

Content Editor

Related News