ਸੰਵਿਧਾਨ ਬਦਲਣ ਦੀ ਗੱਲ ਕਰਨ ਵਾਲਿਆਂ ਨੂੰ ਬਦਲ ਦਿਓ : ਪ੍ਰਿਯੰਕਾ ਗਾਂਧੀ
Monday, Sep 30, 2024 - 05:23 PM (IST)
ਅੰਬਾਲਾ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਲੋਕਾਂ ਨੂੰ ਬਦਲਣਾ ਚਾਹੀਦਾ ਹੈ ਜੋ ਸੰਵਿਧਾਨ ਨੂੰ 'ਬਦਲਣ' ਦੀ ਗੱਲ ਕਰਦੇ ਹਨ ਅਤੇ ਹਰ ਵਾਰ ਉਸ ਦਾ 'ਅਪਮਾਨ' ਕਰਦੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਚੋਣ ਰੈਲੀ 'ਚ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾ ਦੇਸ਼ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ,''ਕਿਸਾਨਾਂ, ਫ਼ੌਜੀਆਂ ਅਤੇ ਖਿਡਾਰੀਆਂ ਨੇ ਦੇਸ਼ ਦਾ ਸਨਮਾਨ ਬਰਕਰਾਰ ਰੱਖਿਆ ਹੈ।'' ਉਨ੍ਹਾਂ ਕਿਹਾ,''ਹਰਿਆਣਾ 'ਚ ਪਿਛਲੇ 10 ਸਾਲਾਂ ਤੋਂ ਭਾਜਪਾ ਦੀ ਸਰਕਾਰ ਹੈ। ਇਸ ਸਨਮਾਨ ਦੀ ਰਾਖੀ ਦੇ ਬਦਲੇ ਉਸ ਨੇ ਤੁਹਾਨੂੰ ਕੀ ਦਿੱਤਾ? ਉਨ੍ਹਾਂ (ਭਾਜਪਾ ਸਰਕਾਰ) ਨੇ ਹਰ ਪੱਧਰ 'ਤੇ ਤੁਹਾਡੀ ਬੇਇੱਜ਼ਤੀ ਕੀਤੀ ਹੈ।'' ਉਨ੍ਹਾਂ ਨੇ ਸਭਾ 'ਚ ਮੌਜੂਦ ਲੋਕਾਂ ਨੂੰ ਕਿਹਾ,''ਇੱਥੇ ਬਹੁਤ ਜ਼ਿਆਦਾ ਬੇਰੁਜ਼ਗਾਰੀ ਹੈ। ਤੁਹਾਡੇ 'ਚੋਂ ਕਿੰਨਿਆਂ ਨੂੰ ਰੁਜ਼ਗਾਰ ਮਿਲਿਆ?'' ਕਿਸਾਨਾਂ ਦੇ ਮੁੱਦਿਆਂ 'ਤੇ ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ,''ਤੁਸੀਂ ਉਨ੍ਹਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਤੁਹਾਨੂੰ ਹੰਝੂ ਗੈਸ ਦੇ ਗੋਲੇ ਅਤੇ ਲਾਠੀਆਂ ਮਿਲੀਆਂ। ਤੁਹਾਡੀ ਗੱਲ ਨਹੀਂ ਸੁਣੀ ਗਈ।''
ਇਹ ਵੀ ਪੜ੍ਹੋ : ਜੇਕਰ ਕਿਸਾਨਾਂ ਲਈ ਕਾਨੂੰਨ ਬਣਾਏ ਗਏ ਹਨ ਤਾਂ ਉਹ ਸੜਕਾਂ 'ਤੇ ਕਿਉਂ ਹਨ : ਰਾਹੁਲ ਗਾਂਧੀ
ਪ੍ਰਿਯੰਕਾ ਗਾਂਧੀ ਨੇ 24 ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੇਣ ਦੇ ਭਾਜਪਾ ਸਰਕਾਰ ਦੇ ਦਾਅਵੇ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ 24 'ਚੋਂ 10 ਫ਼ਸਲਾਂ ਇੱਥੇ ਨਹੀਂ ਉਗਾਈਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ,''ਤੁਹਾਨੂੰ ਧੋਖਾ ਦਿੱਤਾ ਗਿਆ।'' ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਲੋਕ ਮਹਿੰਗਾਈ ਨਾਲ ਲੜ ਰਹੇ ਹਨ ਅਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ,''ਸਰਕਾਰ ਤੁਹਾਡੇ ਲਈ ਕੁਝ ਨਹੀਂ ਕਰ ਰਹੀ ਹੈ। ਜਿੱਥੇ ਵੀ ਦੇਖੋ, ਤੁਸੀਂ ਘਪਲੇ ਹੀ ਘਪਲੇ ਦੇਖਣ ਨੂੰ ਮਿਲਦੇ ਹਨ। ਅੱਜ ਤੁਹਾਡਾ ਭਵਿੱਖ ਕੀ ਹੈ।'' ਉਨ੍ਹਾਂ ਕਿਹਾ,''ਜੇਕਰ ਤੁਸੀਂ ਨਿਆਂ ਚਾਹੁੰਦੇ ਹੋ ਤਾਂ ਇਸ ਸਰਕਾਰ ਨੂੰ ਉਖਾੜ ਸੁੱਟੋ। ਇਸ ਸਰਕਾਰ ਨੂੰ ਹਟਾ ਦਿਓ। ਤੁਹਾਨੂੰ ਇਸ ਸਰਕਾਰ ਤੋਂ ਕੁਝ ਨਹੀਂ ਮਿਲਿਆ।'' ਪ੍ਰਿਯੰਕਾ ਗਾਂਧੀ ਨੇ ਕਿਹਾ,''ਸੰਵਿਧਾਨ ਨੇ ਤੁਹਾਨੂੰ ਸਨਮਾਨ ਦਿੱਤਾ ਹੈ। ਸੰਵਿਧਾਨ ਨੇ ਤੁਹਾਨੂੰ ਅਧਿਕਾਰ ਦਿੱਤਾ ਹੈ। ਤੁਸੀਂ ਉਨ੍ਹਾਂ ਲੋਕਾਂ ਨੂੰ ਬਦਲ ਦਿਓ, ਜੋ ਸੰਵਿਧਾਨ ਬਦਲਣ ਦੀ ਗੱਲ ਕਰਦੇ ਹਨ।'' ਉਨ੍ਹਾਂ ਦਾਅਵਾ ਕੀਤਾ,''ਭਾਜਪਾ (ਸੱਤਾ ਤੋਂ) ਜਾ ਰਹੀ ਹੈ, ਕਾਂਗਰਸ ਆ ਰਹੀ ਹੈ।'' ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ 5 ਅਕਤੂਬਰ ਨੂੰ ਹੈ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8