ਚੰਦਰਬਾਬੂ ਨਾਇਡੂ ਨੂੰ ਪਛਾੜ ਕਮਲਨਾਥ ਬਣੇ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ
Monday, Dec 17, 2018 - 05:10 PM (IST)

ਨਵੀਂ ਦਿੱਲੀ — ਸੀਨੀਅਰ ਕਾਂਗਰਸੀ ਨੇਤਾ ਕਮਲਨਾਥ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸਦੇ ਨਾਲ ਹੀ ਉਹ 187 ਕਰੋੜ ਰੁਪਏ ਦੀ ਜਾਇਦਾਦ ਨਾਲ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ 177 ਕਰੋੜ ਰੁਪਏ ਦੀ ਜਾਇਦਾਦ ਨਾਲ ਪਹਿਲੇ ਸਥਾਨ 'ਤੇ ਰਹੇ। ਦੇਸ਼ ਦੇ ਪੰਜ ਚੋਟੀ ਦੇ ਅਮੀਰ ਮੁੱਖ ਮੰਤਰੀਆਂ ਬਾਰੇ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਦੋ ਕਾਂਗਰਸ, 1 ਭਾਜਪਾ ਅਤੇ ਦੋ ਹੋਰ ਖੇਤਰੀ ਪਾਰਟੀਆਂ ਨਾਲ ਸੰਬੰਧਤ ਹਨ।
ਕਮਲ ਨਾਥ ਕੋਲ ਹੈ 187 ਕਰੋੜ ਰੁਪਏ ਦੀ ਜਾਇਦਾਦ
2014 ਦੀਆਂ ਲੋਕ ਸਭਾ ਚੋਣਾਂ ਵਿਚ ਪੇਸ਼ ਹਲਫਨਾਮੇ ਅਨੁਸਾਰ ਕਮਲ ਨਾਥ ਕੋਲ ਕੁੱਲ 187 ਕਰੋੜ ਰੁਪਏ ਦੀ ਐਸੇਟ ਹੈ। ਇਸ 'ਚ ਉਨ੍ਹਾਂ ਕੋਲ 7.09 ਕਰੋੜ ਰੁਪਏ ਦੀ ਚੱਲ ਸੰਪਤੀ ਹੈ, ਜਦੋਂਕਿ 181 ਕਰੋੜ ਰੁਪਏ ਦੀ ਅਚੱਲ ਜਾਇਦਾਦ ਦੱਸੀ ਗਈ ਹੈ। ਇਸ ਵਿਚ ਪਰਿਵਾਰ ਦੇ ਕੰਟਰੋਲ ਵਾਲੀਆਂ ਕੰਪਨੀਆਂ ਅਤੇ ਟਰੱਸਟ ਵੀ ਸ਼ਾਮਲ ਹਨ।
ਇਸ ਸੀਨੀਅਰ ਕਾਂਗਰਸੀ ਲੀਡਰ ਕੋਲ ਦੋ ਵਾਹਨ ਹਨ ਜਿੰਨਾ ਵਿਚ ਇਕ ਦਿੱਲੀ 'ਚ ਰਜਿਸਟਰ ਅੰਬੈਸਡਰ ਕਲਾਸਿਕ ਕਾਰ ਅਤੇ ਇਕ ਮੱਧ ਪ੍ਰਦੇਸ਼ ਦੇ ਨੰਬਰ ਵਾਲੀ ਸਫਾਰੀ ਸਟ੍ਰਾਮ ਐੱਸ.ਯੂ.ਵੀ. ਹੈ। ਇਸ ਤੋਂ ਇਲਾਵਾ ਕਮਲਨਾਥ ਛਿੰਦਵਾੜਾ ਜ਼ਿਲੇ ਵਿਚ 63 ਏਕੜ ਜ਼ਮੀਨ ਦੇ ਮਾਲਕ ਵੀ ਹਨ। ਇਸ ਤੋਂ ਪਹਿਲਾਂ ਸਤੰਬਰ 2011 ਵਿਚ 273 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਸਰਕਾਰ ਨੇ ਇਨ੍ਹਾਂ ਨੂੰ ਦੇਸ਼ ਦਾ ਅਮੀਰ ਕੈਬਨਿਟ ਮੰਤਰੀ ਘੋਸ਼ਿਤ ਕੀਤਾ ਸੀ।
177 ਕਰੋੜ ਰੁਪਏ ਦੀ ਸੰਪਤੀ ਦੇ ਨਾਲ ਦੂਜਾ ਸਥਾਨ 'ਤੇ ਨਾਇਡੂ
ਫਰਵਰੀ 2018 ਦੇ ਏ.ਡੀ.ਆਰ. (ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼) ਦੀ ਇਕ ਰਿਪੋਰਟ ਅਨੁਸਾਰ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਨੇਤਾ ਚੰਦਰਬਾਬੂ ਨਾਇਡੂ ਕੋਲ 177 ਕਰੋੜ ਰੁਪਏ ਦੀ ਸੰਪਤੀ ਹੈ। ਕਾਮਨਾਥ ਦੇ ਸਹੁੰ ਚੁੱਕਣ ਤੋਂ ਪਹਿਲਾਂ ਨਾਇਡੂ ਹੀ ਦੇਸ਼ ਦੇ ਸਭ ਤੋਂ ਅਮੀਰ ਮੁੱਖ ਮੰਤਰੀ ਸਨ।