ਕੇਂਦਰ ਸਰਕਾਰ ਨੇ ਮੁੰਬਈ-ਇੰਦੌਰ ਵਿਚਾਲੇ ਨਵੀਂ ਰੇਲ ਲਾਈਨ ਨੂੰ ਦਿੱਤੀ ਮਨਜ਼ੂਰੀ, 30 ਲੱਖ ਲੋਕਾਂ ਨੂੰ ਮਿਲੇਗਾ ਫ਼ਾਇਦਾ
Monday, Sep 02, 2024 - 10:11 PM (IST)
ਨਵੀਂ ਦਿੱਲੀ : ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਸੋਮਵਾਰ ਨੂੰ ਦੋ ਪ੍ਰਮੁੱਖ ਵਪਾਰਕ ਕੇਂਦਰਾਂ ਮੁੰਬਈ ਅਤੇ ਇੰਦੌਰ ਵਿਚਕਾਰ 309 ਕਿਲੋਮੀਟਰ ਲੰਬੇ ਨਵੇਂ ਰੇਲ ਲਾਈਨ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਾਜੈਕਟ ਦੋਵਾਂ ਸ਼ਹਿਰਾਂ ਵਿਚਕਾਰ ਸਭ ਤੋਂ ਛੋਟਾ ਰੇਲ ਸੰਪਰਕ ਪ੍ਰਦਾਨ ਕਰੇਗਾ। ਇਹ ਜਾਣਕਾਰੀ ਦਿੰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 18,036 ਕਰੋੜ ਰੁਪਏ ਹੈ। ਇਹ 2028-29 ਤੱਕ ਪੂਰਾ ਹੋ ਜਾਵੇਗਾ। ਇਸ ਪ੍ਰਾਜੈਕਟ ਦੇ ਨਿਰਮਾਣ ਦੌਰਾਨ ਲਗਭਗ 102 ਲੱਖ ਮਨੁੱਖੀ ਦਿਨਾਂ ਦਾ ਸਿੱਧਾ ਰੁਜ਼ਗਾਰ ਪੈਦਾ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਕੈਬਨਿਟ ਦੇ ਅੱਜ ਦੇ ਫੈਸਲੇ ਨਾਲ ਮੁੰਬਈ ਅਤੇ ਇੰਦੌਰ ਵਿਚਕਾਰ ਸੰਪਰਕ ਬਿਹਤਰ ਹੋਵੇਗਾ। ਵਣਜ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਇਹ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰੇਗਾ।'' ਬਾਅਦ ਵਿਚ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਇੰਦੌਰ ਅਤੇ ਮਨਮਾਡ ਵਿਚਕਾਰ ਨਵੀਂ ਲਾਈਨ ਸਿੱਧੀ ਸੰਪਰਕ ਪ੍ਰਦਾਨ ਕਰੇਗੀ ਅਤੇ ਆਵਾਜਾਈ ਪ੍ਰਣਾਲੀ ਵਿਚ ਸੁਧਾਰ ਕਰੇਗੀ। ਇਹ ਪ੍ਰਾਜੈਕਟ 'ਮਲਟੀ-ਮੋਡਲ ਕਨੈਕਟੀਵਿਟੀ' ਲਈ ਪ੍ਰਧਾਨ ਮੰਤਰੀ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦਾ ਨਤੀਜਾ ਹੈ ਜੋ ਏਕੀਕ੍ਰਿਤ ਯੋਜਨਾਬੰਦੀ ਦੁਆਰਾ ਸੰਭਵ ਬਣਾਇਆ ਗਿਆ ਹੈ। ਇਹ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ।
ਇਸ ਪ੍ਰਾਜੈਕਟ ਤਹਿਤ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ 6 ਜ਼ਿਲ੍ਹੇ ਕਵਰ ਕੀਤੇ ਜਾਣਗੇ। ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿਚ ਲਗਭਗ 309 ਕਿਲੋਮੀਟਰ ਦਾ ਵਾਧਾ ਹੋਵੇਗਾ। ਇਹ ਦੇਸ਼ ਦੇ ਪੱਛਮੀ/ਦੱਖਣੀ-ਪੱਛਮੀ ਹਿੱਸਿਆਂ ਅਤੇ ਮੱਧ ਭਾਰਤ ਵਿਚਕਾਰ ਇਕ ਛੋਟਾ ਰਸਤਾ ਪ੍ਰਦਾਨ ਕਰਕੇ ਖੇਤਰ ਵਿਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ। ਇਸ ਨਾਲ ਸ਼੍ਰੀ ਮਹਾਕਾਲੇਸ਼ਵਰ ਜਯੋਤਿਰਲਿੰਗ ਮੰਦਰ ਸਮੇਤ ਉਜੈਨ-ਇੰਦੌਰ ਖੇਤਰ ਦੇ ਵੱਖ-ਵੱਖ ਸੈਰ-ਸਪਾਟਾ/ਧਾਰਮਿਕ ਸਥਾਨਾਂ 'ਤੇ ਸੈਲਾਨੀਆਂ ਦੀ ਗਿਣਤੀ ਵਧੇਗੀ। ਇਹ ਪ੍ਰਾਜੈਕਟ ਜੇਐੱਨਪੀਏ ਦੇ ਗੇਟਵੇਅ ਪੋਰਟ ਅਤੇ ਹੋਰ ਰਾਜ ਬੰਦਰਗਾਹਾਂ ਤੋਂ ਪੀਥਮਪੁਰ ਵਹੀਕਲ ਹੱਬ (ਜਿਸ ਵਿਚ 90 ਵੱਡੀਆਂ ਯੂਨਿਟਾਂ ਅਤੇ 700 ਛੋਟੇ ਅਤੇ ਮੱਧਮ ਉਦਯੋਗ ਹਨ) ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਇਹ ਮੱਧ ਪ੍ਰਦੇਸ਼ ਦੇ ਬਾਜਰਾ ਉਤਪਾਦਕ ਜ਼ਿਲ੍ਹਿਆਂ ਅਤੇ ਮਹਾਰਾਸ਼ਟਰ ਦੇ ਪਿਆਜ਼ ਉਤਪਾਦਕ ਜ਼ਿਲ੍ਹਿਆਂ ਨੂੰ ਵੀ ਸਿੱਧਾ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਦੇਸ਼ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿਚ ਵੰਡ ਦੀ ਸਹੂਲਤ ਮਿਲੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8