ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਕਈ ਸੂਬਿਆਂ ਦੇ ਬਦਲੇ ਰਾਜਪਾਲ
Sunday, Sep 01, 2019 - 11:56 AM (IST)

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਅੱਜ ਭਾਵ ਐਤਵਾਰ ਨੂੰ ਵੱਡਾ ਫੈਸਲਾ ਲੈਂਦੇ ਹੋਏ ਕਈ ਸੂਬਿਆਂ ਦੇ ਰਾਜਪਾਲਾਂ ਦਾ ਤਬਾਦਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਦਾ ਤਬਾਦਲਾ ਕਰ ਕੇ ਰਾਜਸਥਾਨ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਡਾ. ਟੀ ਸੁੰਦਰਰਾਜਨ ਨੂੰ ਤੇਲੰਗਾਨਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਬੰਡਾਰੂ ਦੱਤਾਤ੍ਰੇਯ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ। ਸ਼੍ਰੀ ਆਰਿਫ ਮੁਹੰਮਦ ਖਾਨ ਕੇਰਲ ਦੇ ਰਾਜਪਾਲ ਬਣਾਏ ਗਏ ਅਤੇ ਭਗਤ ਸਿੰਘ ਕੋਸ਼ਿਆਰੀ ਮਹਾਰਾਸ਼ਟਰ ਦੇ ਰਾਜਪਾਲ ਨਿਯੁਕਤ ਕੀਤੇ ਗਏ ਹਨ।
ਸ਼ਾਹਬਾਨੋ ਦੇ ਮਾਮਲੇ ’ਤੇ ਕਾਂਗਰਸ ਛੱਡਣ ਵਾਲੇ ਸਾਬਕਾ ਕੇਂਦਰੀ ਮੰਤਰੀ ਆਰਿਫ ਮੁਹੰਮਦ ਨਿਆਂਮੂਰਤੀ ਪੀ. ਸਦਾਸ਼ਿਵਰਾਮ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਰਾਜਪਾਲ ਦੇ ਰੂਪ ਵਿਚ ਕਾਰਜਕਾਲ 31 ਅਗਸਤ ਨੂੰ ਖਤਮ ਹੋ ਗਿਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਮਤਭੇਦ ਹੋਣ ਦੇ ਬਾਅਦ ਆਰਿਫ ਮੁਹੰਮਦ ਕਾਂਗਰਸ ਛੱਡ ਕੇ ਜਨਤਾ ਦਲ ਵਿਚ ਸ਼ਾਮਲ ਹੋ ਗਏ ਸਨ ਅਤੇ ਜਨਤਾ ਦਲ ਸਰਕਾਰ ਵਿਚ ਕੇਂਦਰੀ ਆਵਾਜਾਈ ਮੰਤਰੀ ਬਣੇ ਸਨ। ਉਸ ਦੇ ਬਾਅਦ ਉਹ ਜਨਤਾ ਦਲ ਨਾਲ ਰਿਸ਼ਤਾ ਤੋੜ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਗਏ ਸਨ। 2004 ਵਿਚ ਉਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਇਸ ਮਗਰੋਂ ਉਨ੍ਹਾਂ ਨੇ 2007 ਵਿਚ ਭਾਜਪਾ ਵੀ ਛੱਡ ਦਿੱਤੀ। ਪਿਛਲੇ ਦਿਨੀਂ ਸੰਸਦ ਤੋਂ ਤਿੰਨ ਤਲਾਕ ਬਿੱਲ ਪਾਸ ਹੋਣ ’ਤੇ ਉਸ ਦਾ ਸਮਰਥਨ ਵੀ ਕੀਤਾ ਸੀ।
ਹੈਦਰਾਬਾਦ ਵਿਚ 12 ਜੂਨ, 1947 ਨੂੰ ਜਨਮੇ ਦੱਤਾਤਰੇਯ, ਕਲਰਾਜ ਮਿÎਸ਼ਰ ਦਾ ਸਥਾਨ ਲੈਣਗੇ। ਦੱਤਾਤਰੇਯ ਨੇ 1965 ਵਿਚ ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਦੇ ਕਾਰਕੁੰਨ ਦੇ ਰੂਪ ਵਿਚ ਆਪਣਾ ਰਾਜਨੀਤਕ ਜੀਵਨ ਸ਼ੁਰੂ ਕੀਤਾ ਸੀ । ਉਹ ਵਾਜਪੇਈ ਸਰਕਾਰ ਵਿਚ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਅਤੇ ਰੇਲ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਦੱਤਾਤਰੇਯ 2014 ਦੀ ਮੋਦੀ ਸਰਕਾਰ ਵਿਚ ਕਿਰਤ ਅਤੇ ਰੋਜ਼ਗਾਰ ਮੰਤਰੀ ਬਣੇ ਸਨ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ ਰਾਜਪਾਲ ਸੀ. ਵਿੱਦਿਆਸਾਗਰ ਦਾ ਸਥਾਨ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਅਗਸਤ ਨੂੰ ਖਤਮ ਹੋ ਗਿਆ। 17 ਜੂਨ, 1942 ਨੂੰ ਬਾਗੇਸ਼ਵਰ ਵਿਚ ਜਨਮੇ ਕੋਸ਼ਿਆਰੀ ਭਾਜਪਾ ਦੇ ਉਪ ਪ੍ਰਧਾਨ ਵੀ ਰਹੇ।