ਜਨਵਰੀ-ਫਰਵਰੀ ''ਚ ਨਹੀਂ ਹੋਣਗੀਆਂ CBSE ਦੀਆਂ ਪ੍ਰੀਖਿਆਵਾਂ

Tuesday, Dec 22, 2020 - 07:59 PM (IST)

ਜਨਵਰੀ-ਫਰਵਰੀ ''ਚ ਨਹੀਂ ਹੋਣਗੀਆਂ CBSE ਦੀਆਂ ਪ੍ਰੀਖਿਆਵਾਂ

ਨਵੀਂ ਦਿੱਲੀ - ਅੱਜ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦੇਸ਼ ਭਰ ਦੇ ਅਧਿਆਪਕਾਂ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ CBSE ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜਨਵਰੀ-ਫਰਵਰੀ 2021 ਵਿੱਚ CBSE ਬੋਰਡ ਦੀ ਜਮਾਤ 10 ਅਤੇ 12 ਦੀਆਂ ਪ੍ਰੀਖਿਆਵਾਂ ਨਹੀਂ ਹੋਗੀਆਂ।

ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਕਦੋਂ ਹੋਣਗੀਆਂ ਇਸ ਦਾ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ। ਸਿੱਖਿਆ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਕਿ ਪ੍ਰੀਖਿਆਵਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਉੱਚ ਸਿੱਖਿਆ ਪੱਧਰ 'ਤੇ ਨੌਕਰੀ ਕਰਨ ਜਾਂ ਦਾਖਲਾ ਲੈਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਨੂੰ ਕੋਵਿਡ-19 ਯੁੱਗ ਦੇ ਵਿਦਿਆਰਥੀਆਂ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ ਇਸ ਲਈ ਇਨ੍ਹਾਂ ਵਿਦਿਆਰਥੀਆਂ ਦੀ ਪ੍ਰੀਖਿਆ ਰੱਦ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਨੂੰ ਆਫਲਾਈਨ ਕਰਵਾਇਆ ਜਾਵੇਗਾ। ਸਾਨੂੰ ਹਰ ਵਿਦਿਆਰਥੀ ਲਈ ਲੈਪਟਾਪ, ਚੰਗੇ ਇੰਟਰਨੈੱਟ ਅਤੇ ਬਿਜਲੀ ਦੀ ਜ਼ਰੂਰਤ ਹੈ ਅਤੇ ਹਰ ਵਿਦਿਆਰਥੀ ਲਈ ਇਹ ਸਭ ਉਪਲੱਬਧ ਕਰਵਾਉਣਾ ਮੁਸ਼ਕਲ ਹੈ। ਇਹ ਪਹਿਲਾਂ ਹੀ ਤੈਅ ਕਰ ਲਿਆ ਗਿਆ ਹੈ ਕਿ ਬੋਰਡ ਪ੍ਰੀਖਿਆਵਾਂ ਵਿੱਚ ਕੋਰਸ ਘੱਟ ਹੋਣਗੇ। ਇਸ ਦੇ ਨਾਲ ਪ੍ਰੀਖਿਆ ਵਿੱਚ 33% ਆਂਤਰਿਕ ਵਿਕਲਪ ਵੀ ਹੋਣਗੇ। ਪੂਰੇ ਕੋਰਸ  ਦਾ 30 ਫ਼ੀਸਦੀ ਖ਼ਤਮ ਕਰ ਦਿੱਤਾ ਗਿਆ ਹੈ।

CBSE ਨੇ ਹਾਲ ਵਿੱਚ ਐਲਾਨ ਕੀਤਾ ਸੀ ਕਿ ਬੋਰਡ ਪ੍ਰੀਖਿਆਵਾਂ ਨੂੰ ਆਨਲਾਈਨ ਨਹੀਂ ਲਿਆ ਜਾਵੇਗਾ। ਬੋਰਡ ਦੀਆਂ ਪ੍ਰੀਖਿਆਵਾਂ ਲਿਖਤੀ ਵਿੱਚ ਹੀ ਹੋਣਗੀਆਂ। ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਦੇਸ਼ਭਰ ਦੇ ਸਕੂਲਾਂ ਨੂੰ ਮਾਰਚ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਦਾ ਅਸਰ ਇਹ ਹੋਇਆ ਸੀ ਕਿ ਬੋਰਡ ਪ੍ਰੀਖਿਆਵਾਂ ਨੂੰ ਮਾਰਚ ਵਿੱਚ ਮੁਲਤਵੀ ਕਰਨਾ ਪਿਆ ਸੀ। ਬਾਕੀ ਪ੍ਰੀਖਿਆਵਾਂ ਨੂੰ ਵੀ ਰੱਦ ਕਰਨਾ ਪਿਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News