CBI ਦੀ ਚਾਰਜਸ਼ੀਟ ’ਤੇ ਬੋਲੇ ਸੱਤਿਆਪਾਲ ਮਲਿਕ- ''ਮੈਂ ਕਰਜ਼ੇ ’ਚ ਡੁੱਬਾ ਹੋਇਆ ਹਾਂ''

Monday, May 26, 2025 - 12:10 PM (IST)

CBI ਦੀ ਚਾਰਜਸ਼ੀਟ ’ਤੇ ਬੋਲੇ ਸੱਤਿਆਪਾਲ ਮਲਿਕ- ''ਮੈਂ ਕਰਜ਼ੇ ’ਚ ਡੁੱਬਾ ਹੋਇਆ ਹਾਂ''

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਜੋ ਪਿਛਲੇ 2 ਹਫ਼ਤਿਆਂ ਤੋਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਦਾਖਲ ਹਨ, ਨੇ ਸੀ.ਬੀ.ਆਈ. ਵੱਲੋਂ ਚਾਰਜਸ਼ੀਟ ਦਾਇਰ ਕਰਨ ਦੇ ਮਾਮਲੇ ’ਚ ਐਤਵਾਰ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਸੀ. ਬੀ. ਆਈ. ਅਤੇ ਈ. ਡੀ. ਨੂੰ ਝੂਠੇ ਦੋਸ਼ ਨਾ ਲਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਇਕ ਕਮਰੇ ਵਾਲੇ ਘਰ ’ਚ ਰਹਿ ਰਹੇ ਹਨ । ਉਨ੍ਹਾਂ ’ਤੇ ਕਰਜ਼ਾ ਵੀ ਹੈ। ਕਿਰੂ ਪਣਬਿਜਲੀ ਪ੍ਰਾਜੈਕਟ ਨਾਲ ਸਬੰਧਤ ਇਕ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸੀ. ਬੀ. ਆਈ. ਨੇ ਕੁਝ ਦਿਨ ਪਹਿਲਾਂ ਮਲਿਕ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ।

ਉਸ ਤੋਂ ਬਾਅਦ ਸਾਬਕਾ ਰਾਜਪਾਲ ਨੇ ਫਿਰ ਇਕ ਫੋਟੋ ਸਾਂਝੀ ਕੀਤੀ ਜਿਸ ’ਚ ਕਿਹਾ ਗਿਆ ਕਿ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਲਿਕ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਤੇ ਲਿਖਿਆ,''ਮੈਨੂੰ ਲਗਭਗ 2 ਹਫ਼ਤੇ ਪਹਿਲਾਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਦੋ ਦਿਨ ਪਹਿਲਾਂ ਮੈਨੂੰ ਮੋਦੀ ਸਰਕਾਰ ਦੀ ਏਜੰਸੀ ਸੀ. ਬੀ. ਆਈ. ਨੇ ਗ੍ਰਿਫ਼ਤਾਰ ਕਰ ਲਿਆ। ਉਸ ਨੇ ਮੇਰੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਮੈਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਕ ਕਿਸਾਨ ਦਾ ਪੁੱਤਰ ਹਾਂ ਤੇ ਕਿਸਾਨਾਂ ਦੇ ਮਸੀਹਾ ਸਵਰਗੀ ਚੌਧਰੀ ਚਰਨ ਸਿੰਘ ਵੱਲੋਂ ਸਥਾਪਿਤ ਸਿਧਾਂਤਾਂ ਦੀ ਪਾਲਣਾ ਕਰ ਕੇ ਆਪਣੇ ਸਿਆਸੀ ਕਰੀਅਰ ’ਚ ਪੂਰੀ ਤਰ੍ਹਾਂ ਇਮਾਨਦਾਰ ਰਿਹਾ ਹਾਂ। ਮੈਂ ਚਾਰਜਸ਼ੀਟ ਤੋਂ ਨਹੀਂ ਡਰਦਾ। ਜਿਸ ਚਾਰਜਸ਼ੀਟ ’ਚ ਮੈਨੂੰ ਫਸਾਇਆ ਜਾ ਰਿਹਾ ਹੈ, ਉਸ ਦੇ ਟੈਂਡਰ ਬਾਰੇ ਮੈਂ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਸੀ। ਮੈਂ ਉਸ ਨੂੰ ਕੈਂਸਲ ਕਰ ਦਿੱਤਾ ਸੀ। ਮੇਰੇ ਤਬਾਦਲੇ ਤੋਂ ਬਾਅਦ ਇਹ ਟੈਂਡਰ ਫਿਰ ਲਾਇਆ ਗਿਆ।'' 

ਉਨ੍ਹਾਂ ਕਿਹਾ ਕਿ ਮੋਦੀ ਜੀ ਅਤੇ ਸੀ.ਬੀ.ਆਈ. ਵਾਲੇ ਲੋਕਾਂ ਨੂੰ ਦੱਸਣ ਕਿ ਜਿਸ ਭ੍ਰਿਸ਼ਟਾਚਾਰ ਬਾਰੇ ਮੈਂ ਦੋਵਾਂ ਨੂੰ ਦੱਸਿਆ ਸੀ, ਉਸ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ? ਸਰਕਾਰੀ ਏਜੰਸੀਆਂ ਸੀ.ਬੀ.ਆਈ. ਤੇ ਈ.ਡੀ. ਜੇ ਇਮਾਨਦਾਰ ਹਨ ਤਾਂ ਦੇਸ਼ ਦੇ ਲੋਕਾਂ ਨੂੰ ਦੱਸਣ ਕਿ ਮੇਰੀ ਦੌਲਤ ਕਿੰਨੀ ਹੈ? ਜੇ ਮੇਰੀ ਦੌਲਤ ਬਹੁਤ ਜ਼ਿਆਦਾ ਨਹੀਂ ਹੈ ਤਾਂ ਮੇਰੇ ਬਾਰੇ ਝੂਠ ਨਾ ਬੋਲਿਆ ਜਾਏ। ਸੱਚ ਤਾਂ ਇਹ ਹੈ ਕਿ ਮੈਂ ਇਕ ਬੈੱਡਰੂਮ ਵਾਲੇ ਮਕਾਨ ’ਚ ਰਹਿ ਰਿਹਾ ਹਾਂ ਤੇ ਖੁਦ ਕਰਜ਼ਾਈ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News