ਮਨੀਸ਼ ਸਿਸੋਦੀਆ ਦੇ ਘਰ 14 ਘੰਟੇ ਤੱਕ ਚੱਲੀ CBI ਦੀ ਛਾਪੇਮਾਰੀ, ਕੰਪਿਊਟਰ, ਮੋਬਾਈਲ ਜ਼ਬਤ

Saturday, Aug 20, 2022 - 03:23 AM (IST)

ਨਵੀਂ ਦਿੱਲੀ : ਸੀ.ਬੀ.ਆਈ. ਦੀ ਛਾਪੇਮਾਰੀ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਈ ਘੰਟਿਆਂ ਦੀ ਤਲਾਸ਼ੀ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਦਾ ਕੰਪਿਊਟਰ ਅਤੇ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਤੇ ਕੁਝ ਫਾਈਲਾਂ ਵੀ ਆਪਣੇ ਕਬਜ਼ੇ 'ਚ ਲੈ ਲਈਆਂ।

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਸਬੰਧ ਵਿੱਚ ਸ਼ੁੱਕਰਵਾਰ ਨੂੰ ਮਨੀਸ਼ ਸਿਸੋਦੀਆ ਦੇ ਘਰ ਅਤੇ 30 ਹੋਰ ਥਾਵਾਂ 'ਤੇ ਛਾਪੇਮਾਰੀ ਕੀਤੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸਿਸੋਦੀਆ ਦੇ ਕਰੀਬੀ ਸਹਿਯੋਗੀ ਦੀ ਕੰਪਨੀ ਨੂੰ ਕਥਿਤ ਤੌਰ 'ਤੇ 1 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਸਿਸੋਦੀਆ ਨੇ ਕਿਹਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ਅਤੇ ਸੀ.ਬੀ.ਆਈ. ਜਾਂਚ ਤੇ ਇਸ ਦੇ ਛਾਪਿਆਂ ਤੋਂ ਡਰਿਆ ਨਹੀਂ ਸੀ।

ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਸਿਸੋਦੀਆ ਨੇ ਪੱਤਰਕਾਰਾਂ ਨੂੰ ਕਿਹਾ, "ਸੀ.ਬੀ.ਆਈ. ਦੀ ਟੀਮ ਸਵੇਰੇ ਪਹੁੰਚੀ ਅਤੇ ਪੂਰੇ ਘਰ ਦੀ ਤਲਾਸ਼ੀ ਲਈ। ਮੈਂ ਤੇ ਮੇਰੇ ਪਰਿਵਾਰ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਉਨ੍ਹਾਂ ਨੇ ਮੇਰਾ ਕੰਪਿਊਟਰ ਅਤੇ ਮੋਬਾਈਲ ਜ਼ਬਤ ਕਰ ਲਿਆ। ਉਹ ਕੁਝ ਫਾਈਲਾਂ ਵੀ ਲੈ ਗਏ।"

ਸਿਸੋਦੀਆ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕੇਜਰੀਵਾਲ ਸਰਕਾਰ ਨੂੰ ਦਿੱਲੀ ਵਿੱਚ 'ਚੰਗਾ ਕੰਮ' ਕਰਨ ਤੋਂ ਰੋਕਣ ਲਈ ਏਜੰਸੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਚੰਗਾ ਵਿਵਹਾਰ ਕੀਤਾ।


Mukesh

Content Editor

Related News