''ਵੀਜ਼ੇ ਦੇ ਬਦਲੇ ਰਿਸ਼ਵਤ'' ਮਾਮਲੇ ''ਚ CBI ਨੇ ਕਾਰਤੀ ਚਿਦਾਂਬਰਮ ਤੋਂ ਲਗਾਤਾਰ ਤੀਜੇ ਦਿਨ ਕੀਤੀ ਪੁੱਛ-ਗਿੱਛ

Saturday, May 28, 2022 - 01:14 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 2011 'ਚ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਦੇ ਨਿਰਮਾਣ ਵਿਚ ਸ਼ਾਮਲ ਚੀਨੀ ਕਾਮਿਆਂ ਨੂੰ ਲਗਾਤਾਰ ਤੀਜੇ ਦਿਨ 263 ਵੀਜ਼ੇ ਜਾਰੀ ਕਰਨ ਲਈ ਰਿਸ਼ਵਤ ਲੈਣ ਦੇ ਮਾਮਲੇ 'ਚ ਸੰਸਦ ਮੈਂਬਰ ਕਾਰਤੀ ਚਿਦਾਂਬਰਮ ਤੋਂ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਪੁੱਛ-ਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰਤੀ ਸ਼ਨੀਵਾਰ ਸਵੇਰੇ ਸੀ.ਬੀ.ਆਈ. ਹੈੱਡਕੁਆਰਟਰ ਪਹੁੰਚੇ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਦਿਨ ਭਰ ਜਾਰੀ ਰਹਿਣ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ, ਸੀ.ਬੀ.ਆਈ. 11 ਸਾਲ ਪੁਰਾਣੇ ਮਾਮਲੇ ਵਿਚ ਵੀਰਵਾਰ ਤੋਂ ਕਾਰਤੀ ਤੋਂ ਪੁੱਛਗਿੱਛ ਕਰ ਰਹੀ ਹੈ, ਜਿਸ ਨੂੰ ਕਾਂਗਰਸ ਆਗੂ ਨੇ ‘ਫਰਜ਼ੀ’ ਅਤੇ ‘ਸਿਆਸੀ ਬਦਲਾਖੋਰੀ’ ਦਾ ਨਤੀਜਾ ਕਰਾਰ ਦਿੱਤਾ ਹੈ। ਇਹ ਮਾਮਲਾ 2011 ਦਾ ਹੈ, ਜਦੋਂ ਕਾਰਤੀ ਦੇ ਪਿਤਾ ਪੀ. ਚਿਦਾਂਬਰਮ ਕੇਂਦਰੀ ਗ੍ਰਹਿ ਮੰਤਰੀ ਸਨ। ਸੀ.ਬੀ.ਆਈ. ਨੇ ਵੇਦਾਂਤਾ ਗਰੁੱਪ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐੱਸ.ਪੀ.ਐੱਲ.) ਦੇ ਇਕ ਉੱਚ ਅਧਿਕਾਰੀ ਵਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਐੱਸ. ਭਾਸਕਰਰਮਨ ਨੂੰ ਕਥਿਤ ਤੌਰ 'ਤੇ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਵਿਚ ਕਾਰਤੀ ਅਤੇ ਹੋਰਾਂ ਵਿਰੁੱਧ 14 ਮਈ ਨੂੰ ਐੱਫ.ਆਈ.ਆਰ. ਦਰਜ ਕੀਤੀ ਸੀ।

ਇਹ ਵੀ ਪੜ੍ਹੋ : ਹੈਰਾਨੀਜਨਕ! 40 ਦਿਨ ਦੇ ਬੱਚੇ ਦੇ ਢਿੱਡ 'ਚੋਂ ਮਿਲਿਆ ਭਰੂਣ, ਡਾਕਟਰਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਸੀ.ਬੀ.ਆਈ. ਦੀ ਐੱਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਰਿਸ਼ਵਤ ਲੈ ਕੇ 263 ਚੀਨੀ ਕਾਮਿਆਂ ਨੂੰ ਪ੍ਰਾਜੈਕਟ ਵੀਜ਼ੇ ਜਾਰੀ ਕੀਤੇ ਗਏ ਸਨ। ਟੀ.ਐੱਸ.ਪੀ.ਐੱਲ ਪੰਜਾਬ ਵਿਚ ਇਕ ਪਾਵਰ ਪਲਾਂਟ ਲਗਾ ਰਿਹਾ ਸੀ। ਐੱਫ.ਆਈ.ਆਰ. 'ਚ ਦੋਸ਼ ਲਾਇਆ ਗਿਆ ਹੈ ਕਿ ਪ੍ਰਾਜੈਕਟ ਵੀਜ਼ਾ 2010 'ਚ ਪਾਵਰ ਅਤੇ ਸਟੀਲ ਸੈਕਟਰ ਲਈ ਪੇਸ਼ ਕੀਤਾ ਗਿਆ ਇਕ ਵਿਸ਼ੇਸ਼ ਕਿਸਮ ਦਾ ਵੀਜ਼ਾ ਸੀ, ਜਿਸ ਲਈ ਕੇਂਦਰੀ ਗ੍ਰਹਿ ਮੰਤਰੀ ਵਜੋਂ ਪੀ. ਚਿਦਾਂਬਰਮ ਦੇ ਕਾਰਜਕਾਲ ਦੌਰਾਨ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਹਾਲਾਂਕਿ ਇਨ੍ਹਾਂ ਨੂੰ ਦੁਬਾਰਾ ਜਾਰੀ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ। ਜਾਂਚ ਏਜੰਸੀ ਇਸ ਮਾਮਲੇ ਵਿਚ ਭਾਸਕਰਰਮਨ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News