ਹਿਮਾਚਲ ਪ੍ਰਦੇਸ਼ ਦੇ ਇਸ ਸ਼ਹਿਰ ''ਚ ਔਰਤਾਂ ਖਿਲਾਫ਼ ਅਪਰਾਧ ਘਟੇ
Wednesday, Jan 11, 2023 - 05:21 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸ਼ਹਿਰ ਵਿਚ ਪਿਛਲੇ 5 ਸਾਲਾਂ 'ਚ ਔਰਤਾਂ ਖਿਲਾਫ਼ ਅਪਰਾਧ ਦੇ ਮਾਮਲਿਆਂ 'ਚ 34 ਫ਼ੀਸਦੀ ਦੀ ਕਮੀ ਆਈ ਹੈ। ਪੁਲਸ ਨੇ ਇਸ ਲਈ ਨਿਗਰਾਨੀ 'ਚ ਵਾਧਾ ਅਤੇ ਚੌਕਸੀ ਨੂੰ ਸਿਹਰਾ ਦਿੱਤਾ ਹੈ। ਸ਼ਿਮਲਾ ਜ਼ਿਲ੍ਹੇ ਵਿਚ ਛੇੜਛਾੜ ਦੇ ਮਾਮਲਿਆਂ ਦੀ ਗਿਣਤੀ 2022 ਵਿਚ ਘੱਟ ਕੇ 43 ਹੋ ਗਈ, ਜੋ ਕਿ 2018 ਵਿਚ 79 ਸੀ। ਇਸ ਸਮੇਂ ਦੌਰਾਨ ਔਰਤਾਂ ਖਿਲਾਫ਼ ਬੇਰਹਿਮੀ ਦੇ ਮਾਮਲੇ 18 ਤੋਂ ਘੱਟ ਕੇ 14 ਹੋ ਗਏ। ਉਥੇ ਹੀ ਜਬਰ-ਜ਼ਿਨਾਹ ਦੇ ਮਾਮਲਿਆਂ ਦੀ ਗਿਣਤੀ 40 ਤੋਂ ਘੱਟ ਕੇ 38 ਹੋ ਗਈ।
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਪਰਾਧ ਦੇ ਅੰਕੜਿਆਂ ਦੇ ਹਫਤਾਵਾਰੀ ਮੁਲਾਂਕਣ ਦੇ ਅਧਾਰ 'ਤੇ ਰੋਕਥਾਮ ਵਾਲੇ ਕਦਮ ਚੁੱਕਣ ਨਾਲ ਮਦਦ ਮਿਲੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਸਰਹੱਦਾਂ, ਮੰਦਰਾਂ, ਮਹੱਤਵਪੂਰਨ ਦਫ਼ਤਰਾਂ, ਪੁਲਸ ਸਟੇਸ਼ਨਾਂ, ਵਿੱਦਿਅਕ ਅਦਾਰਿਆਂ, ਗੈਰ-ਕਾਨੂੰਨੀ ਮਾਈਨਿੰਗ ਖੇਤਰ, ਬਾਜ਼ਾਰਾਂ, ਰੇਲਵੇ ਸਟੈਂਡ, ਟੈਕਸੀ ਸਟੈਂਡ, ਬੱਸ ਅੱਡਿਆਂ ਅਤੇ ਮੁੱਖ ਚੌਰਾਹਿਆਂ ਤੋਂ ਇਲਾਵਾ ਸੰਵੇਦਨਸ਼ੀਲ, ਮਹੱਤਵਪੂਰਨ ਅਤੇ 6,500 ਤੋਂ ਵੱਧ ਕੈਮਰਿਆਂ ਦੀ ਸਥਾਪਨਾ ਨੇ ਮਦਦ ਕੀਤੀ ਹੈ।