ਬੰਬ ਦੀਆਂ ਧਮਕੀਆਂ ਦਰਮਿਆਨ ਏਅਰ ਇੰਡੀਆ ਦੇ ਜਹਾਜ਼ ''ਚੋਂ ਮਿਲਿਆ ਕਾਰਤੂਸ
Saturday, Nov 02, 2024 - 03:25 PM (IST)
ਨਵੀਂ ਦਿੱਲੀ- ਦੇਸ਼ 'ਚ ਜਹਾਜ਼ਾਂ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਧਮਕੀਆਂ ਦਰਮਿਆਨ ਹੁਣ ਏਅਰ ਇੰਡੀਆ ਦੇ ਜਹਾਜ਼ 'ਚ ਕਾਰਤੂਸ ਮਿਲਿਆ ਹੈ। ਫਲਾਈਟ ਦੁਬਈ ਤੋਂ ਦਿੱਲੀ ਲੈਂਡ ਹੋਈ ਸੀ। ਇਸ ਦੌਰਾਨ ਫਲਾਈਟ ਦੀ ਸੀਟ ਦੇ ਇਕ ਪਾਕੇਟ ਤੋਂ ਇਕ ਕਾਰਤੂਸ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਸਟਾਫ਼ ਨੇ ਤੁੰਰਤ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਏਅਰਪੋਰਟ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਇਸ ਮਾਮਲੇ ਵਿਚ ਏਅਰ ਇੰਡੀਆ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਜਾਂਚ ਵਿਚ ਜੁੱਟ ਗਈ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ 27 ਅਕਤੂਬਰ 2024 ਨੂੰ ਦੁਬਈ ਤੋਂ ਦਿੱਲੀ ਆਈ ਫਲਾਈਟ AI 916 ਦੀ ਇਕ ਸੀਟ 'ਤੇ ਪਾਕੇਟ ਵਿਚ ਕਾਰਤੂਸ ਰੱਖਿਆ ਹੋਇਆ ਸੀ। ਇਸ ਨਾਲ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਸੁਰੱਖਿਆ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਏਅਰਪੋਰਟ ਪੁਲਸ ਵਿਚ ਸ਼ਿਕਾਇਤ ਕੀਤੀ ਗਈ।
ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਵਿਚ ਦੇਸ਼ ਦੀਆਂ ਕਈ ਫਲਾਈਟਾਂ ਨੂੰ ਲਗਾਤਾਰ ਬੰਬ ਧਮਕੀਆਂ ਮਿਲ ਰਹੀਆਂ ਹਨ। ਭਾਰਤੀ ਏਅਰਲਾਈਨਜ਼ ਦੀਆਂ 300 ਤੋਂ ਵੱਧ ਫਲਾਈਟਾਂ ਨੂੰ ਬੰਬ ਦੀਆਂ ਝੂਠੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਵਿਚ ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਜ਼ਰੀਏ ਦਿੱਤੀਆਂ ਗਈਆਂ। 22 ਅਕਤੂਬਰ ਨੂੰ ਇੰਡੀਗੋ ਅਤੇ ਏਅਰ ਇੰਡੀਆ ਦੀਆਂ 13-13 ਉਡਾਣਾਂ ਸਮੇਤ 50 ਫਲਾਈਟਾਂ ਨੂੰ ਬੰਬ ਦੀ ਧਮਕੀ ਮਿਲੀ ਸੀ।