ਡੂੰਘੀ ਖੱਡ ''ਚ ਡਿੱਗੀ ਕਾਰ, ਭਰਾ-ਭੈਣ ਦੀ ਮੌਤ
Tuesday, Jan 14, 2025 - 04:11 PM (IST)

ਬਰੇਲੀ- ਉੱਤਰਾਖੰਡ ਦੇ ਹਲਦਵਾਨੀ ਤੋਂ ਬਰੇਲੀ ਪਰਤ ਰਹੇ ਭੰਡਸਰ ਪਿੰਡ ਦੇ ਵਾਸੀਆਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੀ ਖੱਡ 'ਚ ਪਲਟ ਗਈ। ਹਾਦਸੇ 'ਚ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ। ਸੂਚਨਾ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਦਾ ਕਾਰਨ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣਾ ਦੱਸਿਆ ਜਾ ਰਿਹਾ ਹੈ।
ਵੱਡੀ ਭੈਣ ਨੂੰ ਵੇਖ ਕੇ ਪਰਤ ਰਹੇ ਸਨ ਭੈਣ-ਭਰਾ
ਜਾਣਕਾਰੀ ਅਨੁਸਾਰ ਪਿੰਡ ਭੰਡਸਰ ਵਾਸੀ ਮੁੰਨਾ (30 ਸਾਲ) ਪੁੱਤਰ ਮਰਹੂਮ ਬਾਬੂ ਬਖਸ਼ ਦੀ ਵੱਡੀ ਭੈਣ ਖੁਸ਼ਨੁਮਾ ਹਲਦਵਾਨੀ ਰਹਿੰਦੀ ਹੈ। ਉਸ ਨੇ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ। ਉਸ ਨੂੰ ਦੇਖਣ ਲਈ ਮੁੰਨਾ ਆਪਣੇ ਭਰਾ ਮਹਿੰਦੀ ਹਸਨ, ਬੰਨੇ ਬਖਸ਼, ਬੰਨੇ ਦੀ ਪਤਨੀ ਸੀਮਾ ਅਤੇ ਡਰਾਈਵਰ ਯੂਨਸ ਨਾਲ ਕਾਰ ਰਾਹੀਂ ਗਿਆ ਸੀ। ਰਾਤ ਕਰੀਬ 3 ਵਜੇ ਸਾਰੇ ਹਲਦਵਾਨੀ ਤੋਂ ਬਰੇਲੀ ਲਈ ਰਵਾਨਾ ਹੋਏ। ਉਥੋਂ ਉਸ ਦੇ ਨਾਲ ਮੁੰਨਾ ਦੀ ਛੋਟੀ ਭੈਣ ਮੁਸਕੀਨ (40 ਸਾਲ) ਵੀ ਆਪਣੇ ਨਾਨਕੇ ਘਰ ਆਉਣ ਲਈ ਕਾਰ ਵਿਚ ਸਵਾਰ ਹੋ ਗਈ। ਮੁਸਕੀਨ ਦਾ ਸਹੁਰਾ ਘਰ ਲਾਲਕੁਆਂ ਵਿਚ ਹੈ।
ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 4 ਵਜੇ ਹਾਫਿਜ਼ਗੰਜ 'ਚ ਕਰਬਲਾ ਨੇੜੇ ਸੈਂਥਲ ਰੋਡ 'ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਖੱਡ 'ਚ ਪਲਟ ਗਈ। ਹਾਦਸੇ ਵਿਚ ਮੁੰਨਾ ਅਤੇ ਉਸ ਦੀ ਭੈਣ ਮੁਸਕੀਨ ਦੀ ਮੌਤ ਹੋ ਗਈ। ਯੂਨਸ, ਮਹਿੰਦੀ ਹਸਨ, ਬੰਨੇ ਅਤੇ ਉਸ ਦੀ ਪਤਨੀ ਜ਼ਖਮੀ ਹੋ ਗਏ। ਰਾਹਗੀਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰ 'ਚ ਮਾਤਮ ਛਾ ਗਿਆ।