ਕਾਰ ਅਤੇ ਬਾਈਕ ਦੀ ਜ਼ੋਰਦਾਰ ਟੱਕਰ, ਜੋੜੇ ਸਮੇਤ ਧੀ ਦੀ ਮੌਤ
Monday, Nov 18, 2024 - 11:09 AM (IST)

ਨਾਰਨੌਲ- ਹਰਿਆਣਾ ਦੇ ਨਾਰਨੌਲ 'ਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇਕ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀ ਧੀ ਸ਼ਾਮਲ ਹੈ ਜਦਕਿ ਪੁੱਤਰ ਜ਼ਖਮੀ ਹੋ ਗਿਆ। ਨਾਰਨੌਲ-ਰੇਵਾੜੀ ਰੋਡ 'ਤੇ ਪਿੰਡ ਗੋਕਲਪੁਰ ਰੈਸਟ ਏਰੀਆ ਨੇੜੇ ਸਕਾਰਪੀਓ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ 'ਚ ਬਾਈਕ ਚਾਲਕ, ਉਸ ਦੀ ਪਤਨੀ ਅਤੇ ਧੀ ਦੀ ਮੌਤ ਹੋ ਗਈ। ਤਿੰਨ ਸਾਲਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਸਹੁਰੇ ਘਰ ਤੋਂ ਘਰ ਆ ਰਿਹਾ ਸੀ ਨੀਲੇਸ਼
ਮਿਲੀ ਜਾਣਕਾਰੀ ਮੁਤਾਬਕ ਪਿੰਡ ਗਨੀਆਰ ਦਾ ਰਹਿਣ ਵਾਲਾ ਨੀਲੇਸ਼ ਆਪਣੇ ਸਹੁਰੇ ਜੋਰਾਸੀ ਤੋਂ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸ਼ਨੀਵਾਰ ਦੇਰ ਸ਼ਾਮ ਕਰੀਬ 8 ਵਜੇ ਬਾਈਕ 'ਤੇ ਸਵਾਰ ਹੋ ਕੇ ਆਪਣੇ ਘਰ ਗਨੀਆਰ ਪਰਤ ਰਿਹਾ ਸੀ। ਇਸੇ ਦੌਰਾਨ ਗੋਕਲਪੁਰ ਰੈਸਟ ਏਰੀਆ ਨੇੜੇ ਸਰਵਿਸ ਰੋਡ ’ਤੇ ਸਾਹਮਣੇ ਤੋਂ ਆ ਰਹੀ ਇਕ ਸਕਾਰਪੀਓ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਨੀਲੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ, ਉਸ ਦੀ ਪਤਨੀ ਅਨੁਰਾਧਾ (35), ਪੁੱਤਰ ਭਾਵੇਸ਼ (4) ਅਤੇ ਧੀ ਭਾਵਿਕਾ (5) ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉੱਚ ਕੇਂਦਰ 'ਚ ਰੈਫਰ ਕਰ ਦਿੱਤਾ। ਪਤਨੀ ਅਨੁਰਾਧਾ ਅਤੇ ਧੀ ਭਾਵਿਕਾ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਕਾਰਨ ਪਿੰਡ ਦਾ ਮਾਹੌਲ ਗਮਗੀਨ ਬਣਿਆ ਹੋਇਆ ਹੈ। ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਹਾਦਸੇ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।