ਕਾਰ ''ਤੇ ''ਕਾਲ'' ਬਣ ਡਿੱਗਿਆ ਬਜਰੀ ਨਾਲ ਭਰਿਆ ਟਰੱਕ, ਪੂਰਾ ਪਰਿਵਾਰ ਹੋ ਗਿਆ ਖ਼ਤਮ
Friday, Nov 28, 2025 - 03:26 PM (IST)
ਸਹਾਰਨਪੁਰ- ਉੱਤਰ ਪ੍ਰਦੇਸ਼ 'ਚ ਸਹਾਰਨਪੁਰ ਜ਼ਿਲ੍ਹੇ ਦੇ ਗਾਗਲਹੇੜੀ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਬਜਰੀ ਨਾਲ ਭਰਿਆ ਇਕ ਵੱਡਾ ਟਰੱਕ (ਡੰਪਰ) ਇਕ ਕਾਰ 'ਤੇ ਪਲਟ ਗਿਆ। ਇਸ ਹਾਦਸੇ 'ਚ ਕਾਰ ਸਵਾਰ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਵਿਓਮ ਬਿੰਦਰ ਨੇ ਦੱਸਿਆ ਕਿ ਗਾਗਲਹੇੜੀ ਥਾਣਾ ਖੇਤਰ ਦੇ ਸਈਅਦ ਮਾਜਰਾ ਪਿੰਡ 'ਚ ਇਹ ਹਾਦਸਾ ਉਦੋਂ ਹੋਇਆ ਜਦੋਂ ਬਜਰੀ ਨਾਲ ਭਰਿਆ ਟਰੱਕ ਇਕ ਕਾਰ 'ਤੇ ਪਲਟ ਗਿਆ ਅਤੇ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਿੰਦਲ ਨੇ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਅਤੇ ਪੁਲਸ ਐੱਫਆਈਆਰ ਦਰਜ ਕਰ ਕੇ ਜੇਸੀਬੀ ਦੀ ਮਦਦ ਨਾਲ ਰਾਹਤ ਅਤੇ ਬਚਾਅ ਕੰਮ ਕਰ ਰਹੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਦੇ ਬੇਕਾਬੂ ਹੋ ਕੇ ਕੋਲੋਂ ਲੰਘ ਰਹੀ ਇਕ ਕਾਰ 'ਤੇ ਡਿੱਗਣ ਨਾਲ ਕਾਰ ਬੁਰੀ ਤਰ੍ਹਾਂ ਦੱਬ ਗਈ ਅਤੇ ਟਰੱਕ 'ਚ ਭਰੀ ਬਜਰੀ ਦੇ ਭਾਰ ਨਾਲ ਕਾਰ 'ਚ ਸਵਾਰ ਪੂਰਾ ਪਰਿਵਾਰ ਦੱਬ ਗਿਆ। ਪੁਲਸ ਅਨੁਸਾਰ ਕਾਰ ਸਵਾਰ ਸੰਦੀਪ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਰਿਸ਼ਤੇਦਾਰੀ 'ਚ ਗੰਗੋਹ ਜਾ ਰਿਹਾ ਸੀ ਪਰ ਉੱਥੇ ਪੁੱਜਣ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਨੇੜੇ-ਤੇੜੇ ਦੇ ਪਿੰਡ ਵਾਸੀਆਂ ਦੀ ਉੱਥੇ ਭੀੜ ਲੱਗ ਗਈ ਅਤੇ ਆਵਾਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਉੱਥੇ ਹੀ ਕਟਰ ਮਸ਼ੀਨ ਨਾਲ ਕਾਰ 'ਚ ਫਸੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ (24), ਉਸ ਦੀ ਭੈਣ ਜੋਲੀ (27), ਜੀਜਾ ਸ਼ੇਖਰ (28), ਸੰਦੀਪ ਦੀ ਮਾਂ ਰਾਣੀ ਦੇਵੀ (62), ਸੰਦੀਪ ਦਾ ਮਾਸੀ ਦੀ ਮੁੰਡਾ ਵਿਪਿਨ (20) ਅਤੇ ਇਕ ਹੋਰ ਰਿਸ਼ਤੇਦਾਰ ਰਾਜੂ ਸੇਨੀ (27) ਵਜੋਂ ਹੋਈ ਹੈ। ਮ੍ਰਿਤਕਾਂ 'ਚ ਪਰਿਵਾਰ ਦਾ ਇਕ ਬੱਚਾ ਵੀ ਸ਼ਾਮਲ ਹੈ। ਬਿੰਦਲ ਨੇ ਕਿਹਾ ਕਿ ਮਾਮਲੇ 'ਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
