ਰਾਜਸਥਾਨ ਉਪ-ਚੋਣ: ਵੋਟਿੰਗ ਦੌਰਾਨ ਹੰਗਾਮਾ, ਉਮੀਦਵਾਰ ਨੇ SDM ਨੂੰ ਮਾਰਿਆ ਥੱਪੜ
Wednesday, Nov 13, 2024 - 04:12 PM (IST)
ਰਾਜਸਥਾਨ : ਰਾਜਸਥਾਨ ਦੇ ਦਿਓਲੀ-ਉਨਿਆੜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਵਿਧਾਨ ਸਭਾ ਉਪ ਚੋਣ ਨੂੰ ਲੈ ਕੇ ਵੱਡਾ ਵਿਵਾਦ ਸਾਹਮਣੇ ਆਇਆ ਹੈ। ਵੋਟਿੰਗ ਦੌਰਾਨ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਨੇ ਐੱਸਡੀਐੱਮ ਅਮਿਤ ਚੌਧਰੀ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ ਕਾਰਨ ਸਿਆਸੀ ਹਲਕਿਆਂ 'ਚ ਹਲਚਲ ਮਚ ਗਈ ਹੈ।
ਜਾਣੋ ਪੂਰਾ ਮਾਮਲਾ
ਦਿਓਲੀ-ਉਨਿਆੜਾ ਪੋਲਿੰਗ ਸਟੇਸ਼ਨ 'ਤੇ ਵੋਟਿੰਗ ਦੌਰਾਨ ਨਰੇਸ਼ ਮੀਨਾ ਜ਼ਬਰਦਸਤੀ ਉੱਥੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਪ੍ਰਸ਼ਾਸਨ ਅਤੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਅਤੇ ਪੁਲਸ ਵਿਚਕਾਰ ਹੱਥੋਪਾਈ ਹੋ ਗਈ। ਨਰੇਸ਼ ਮੀਨਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਇਲੈਕਟੋਰਲ ਮਸ਼ੀਨ (ਈਵੀਐਮ) ਵਿੱਚ ਹਲਕਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਦੇ ਸਮਰਥਕਾਂ ਨੂੰ ਵੋਟ ਪਾਉਣ ਵਿੱਚ ਦਿੱਕਤ ਆ ਰਹੀ ਹੈ। ਨਰੇਸ਼ ਮੀਨਾ ਨੇ ਇਹ ਦੋਸ਼ ਐੱਸਡੀਐੱਮ ’ਤੇ ਲਗਾ ਕੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ।
ਕੌਣ ਹੈ ਨਰੇਸ਼ ਮੀਨਾ
ਕਾਂਗਰਸ ਤੋਂ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨਰੇਸ਼ ਮੀਨਾ ਪਹਿਲਾਂ ਕਾਂਗਰਸ ਪਾਰਟੀ ਦੇ ਮੈਂਬਰ ਸਨ। ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ। ਇਸ ਹਮਲੇ ਤੋਂ ਬਾਅਦ ਨਰੇਸ਼ ਮੀਨਾ ਅਤੇ ਉਨ੍ਹਾਂ ਦੇ ਸਮਰਥਕ ਸਿਆਸੀ ਚਰਚਾ ਦਾ ਕੇਂਦਰ ਬਣ ਗਏ ਹਨ।
ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ
ਦਿਓਲੀ-ਉਨਿਆੜਾ ਉਪ ਚੋਣ ਵਿੱਚ ਕਾਂਗਰਸ ਵੱਲੋਂ ਕਸਤੂਰ ਚੰਦ ਮੀਨਾ ਅਤੇ ਭਾਜਪਾ ਵੱਲੋਂ ਰਾਜਿੰਦਰ ਗੁਰਜਰ ਵੀ ਮੈਦਾਨ ਵਿੱਚ ਹਨ। ਨਰੇਸ਼ ਮੀਨਾ ਪਹਿਲਾਂ ਕਾਂਗਰਸ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਵੱਲੋਂ ਟਿਕਟ ਨਾ ਮਿਲਣ ’ਤੇ ਉਨ੍ਹਾਂ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਫ਼ੈਸਲਾ ਕੀਤਾ। ਇਹ ਪੂਰੀ ਘਟਨਾ ਕਾਂਗਰਸ ਅਤੇ ਭਾਜਪਾ ਲਈ ਸਿਆਸੀ ਮੁੱਦਾ ਬਣ ਗਈ ਹੈ।
ਦੱਸ ਦੇਈਏ ਕਿ ਨਰੇਸ਼ ਮੀਨਾ ਨੂੰ ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕਰ ਦਿੱਤਾ ਸੀ। ਕਾਂਗਰਸ ਪਾਰਟੀ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਨਰੇਸ਼ ਨੇ ਪਾਰਟੀ ਖ਼ਿਲਾਫ਼ ਚੋਣ ਲੜਨ ਦਾ ਫ਼ੈਸਲਾ ਕੀਤਾ। ਸੂਬਾ ਕਾਂਗਰਸ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ। ਨਰੇਸ਼ ਮੀਨਾ ਦੀ ਇਸ ਕਾਰਵਾਈ ਕਾਰਨ ਪਾਰਟੀ ਵਿੱਚ ਨਾਰਾਜ਼ਗੀ ਸੀ ਅਤੇ ਹੁਣ ਉਨ੍ਹਾਂ ਦਾ ਚੋਣ ਪ੍ਰਚਾਰ ਵੀ ਸੁਰਖੀਆਂ ਵਿੱਚ ਹੈ।
ਨਰੇਸ਼ ਮੀਨਾ ਦੀ ਐੱਸਡੀਐੱਮ ਅਮਿਤ ਚੌਧਰੀ ਨਾਲ ਬਹਿਸ
ਵੋਟਿੰਗ ਦੌਰਾਨ ਨਰੇਸ਼ ਮੀਨਾ ਅਤੇ ਮਾਲਪੁਰਾ ਦੇ ਐਸਡੀਐਮ ਅਮਿਤ ਚੌਧਰੀ ਵਿਚਾਲੇ ਤਕਰਾਰਬਾਜ਼ੀ ਹੋਈ। ਸਲਾਹ ਦੇਣ ਦੀ ਕੋਸ਼ਿਸ਼ ਕਰਨ 'ਤੇ ਮਾਮਲਾ ਵਧ ਗਿਆ ਅਤੇ ਨਰੇਸ਼ ਮੀਨਾ ਨੇ ਗੁੱਸੇ 'ਚ ਆ ਕੇ ਐੱਸਡੀਐੱਮ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਨਾਲ ਚੋਣ ਮਾਹੌਲ ਗਰਮਾ ਗਿਆ ਹੈ ਅਤੇ ਅਧਿਕਾਰੀਆਂ ਵਿੱਚ ਵੀ ਰੋਸ ਫੈਲ ਗਿਆ ਹੈ।