ਗਰੀਬ ਪਟੀਸ਼ਨਰਾਂ ਨੂੰ ਇਨਸਾਫ ਦਿਵਾਉਣ ਲਈ ਅੱਧੀ ਰਾਤ ਤੱਕ ਅਦਾਲਤ ’ਚ ਬੈਠ ਸਕਦਾ ਹਾਂ: CJI
Friday, Nov 28, 2025 - 09:35 PM (IST)
ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਦੇ ਚੀਫ ਜਸਟਿਸ (ਸੀ. ਜੇ. ਆਈ.) ਸੂਰਿਆਕਾਂਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਰੀਬ ਪਟੀਸ਼ਨਰਾਂ ਲਈ ਇਨਸਾਫ ਯਕੀਨੀ ਬਣਾਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਉਹ ਉਨ੍ਹਾਂ ਲਈ ਅਦਾਲਤ ’ਚ ਅੱਧੀ ਰਾਤ ਤੱਕ ਬੈਠ ਸਕਦੇ ਹਨ। ਜਸਟਿਸ ਸੂਰਿਆਕਾਂਤ ਨੇ ਤਿਲਕ ਸਿੰਘ ਡਾਂਗੀ ਨਾਂ ਦੇ ਵਿਅਕਤੀ ਵੱਲੋਂ ਕੇਂਦਰ ਅਤੇ ਹੋਰਨਾਂ ਦੇ ਖਿਲਾਫ ਦਰਜ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਇਹ ਟਿੱਪਣੀ ਕੀਤੀ।
ਇਸ ਦੌਰਾਨ, ਸੀ. ਜੇ. ਆਈ. ਸੂਰਿਆਕਾਂਤ ਨੇ ਕਿਹਾ, ‘‘ਮੇਰੀ ਅਦਾਲਤ ’ਚ, ਕੋਈ ਵੀ ਬੇਲੋੜਾ ਜਾਂ ਅਦਾਲਤ ਦਾ ਸਮਾਂ ਬਰਬਾਦ ਕਰਨ ਵਾਲਾ ਮੁਕੱਦਮਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਅਮੀਰ ਪਟੀਸ਼ਨਰ ਹੀ ਲੜਦੇ ਹਨ। ਉਨ੍ਹਾਂ ਨੇ ਆਪਣੀ ਸਰਵਉੱਚ ਤਰਜੀਹ ਗਿਣਾਉਂਦੇ ਹੋਏ ਕਿਹਾ, ‘‘ਮੈਂ ਤੁਹਾਨੂੰ ਦੱਸ ਦੇਵਾਂ... ਮੈਂ ਇੱਥੇ ਸਭ ਤੋਂ ਛੋਟੇ... ਸਭ ਤੋਂ ਗਰੀਬ ਧਿਰਾਂ ਲਈ ਹਾਂ। ਜੇ ਲੋੜ ਪਈ ਤਾਂ ਮੈਂ ਉਨ੍ਹਾਂ ਲਈ ਅੱਧੀ ਰਾਤ ਤੱਕ ਇੱਥੇ ਬੈਠਾਂਗਾ।’’ ਹਰਿਆਣਾ ਦੇ ਹਿਸਾਰ ਜ਼ਿਲੇ ਦੇ ਇਕ ਮੱਧਵਰਗੀ ਪਰਿਵਾਰ ਤੋਂ ਆਉਣ ਵਾਲੇ ਜਸਟਿਸ ਸੂਰਿਆਕਾਂਤ ਨੇ 24 ਨਵੰਬਰ ਨੂੰ ਭਾਰਤ ਦੇ 53ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਅਤੇ ਉਹ ਲੱਗਭਗ 15 ਮਹੀਨੇ ਤੱਕ ਇਸ ਅਹੁਦੇ ’ਤੇ ਰਹਿਣਗੇ। ਉਹ 9 ਫਰਵਰੀ 2027 ਨੂੰ ਸੇਵਾਮੁਕਤ ਹੋ ਜਾਣਗੇ।
