ਕਦੇ ਜੇਬ ’ਚ ਨਹੀਂ ਸੀ ਬੱਸ ਦਾ ਕਿਰਾਇਆ, ਅੱਜ ਦੁਬਈ ’ਚ 9 ਕੰਪਨੀਆਂ ਦਾ ਮਾਲਕ ਹੈ ਹਰਮੀਕ ਸਿੰਘ

08/27/2021 4:29:38 PM

ਇੰਟਰਨੈਸ਼ਨਲ ਡੈਸਕ : ਤਕਰੀਬਨ 17 ਸਾਲ ਪਹਿਲਾਂ ਅਮੀਰਾਂ ਦਾ ਪੁੱਤਰ ਹਰਮੀਕ ਸਿੰਘ ਕੰਗਾਲ ਹੋਣ ਮਗਰੋਂ ਜਦੋਂ ਦਿੱਲੀ ਤੋਂ ਦੁਬਈ ਦੀ ਧਰਤੀ ’ਤੇ ਉਮੀਦ ਦੀ ਕਿਰਨ ਲੈ ਕੇ ਆਇਆ ਤਾਂ ਜ਼ਿੰਦਗੀ ਅੱਗੇ ਵੱਡੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਸਨ। ਦਿੱਲੀ ’ਚ ਪਿਤਾ ਦਾ ਕਾਰੋਬਾਰ ਠੱਪ ਹੋ ਗਿਆ। ਘਰ-ਬਾਰ ਤੇ ਕੰਪਨੀ ਸਭ ਵਿਕ ਗਏ। ਉਸ ਸਮੇਂ ਪਰਿਵਾਰ ਲਈ ਹਫ਼ਤੇ ਦਾ ਰਾਸ਼ਨ ਹੀ ਵੱਡੀ ਸਮੱਸਿਆ ਬਣ ਚੁੱਕੀ ਸੀ। ਨੌਕਰੀਆਂ ਵੰਡਣ ਵਾਲੇ ਕਾਰੋਬਾਰੀ ਦੇ ਪੁੱਤਰ ਨੂੰ ਖ਼ੁਦ ਮੁਲਾਜ਼ਮ ਦੇ ਤੌਰ ’ਤੇ ਕੰਮ ਵੀ ਕਰਨਾ ਪਿਆ। ਨੌਕਰਾਂ ਹੱਥੋਂ ਪਾਣੀ ਪੀਣ ਦੇ ਆਦੀ ਹਰਮੀਕ ਨੂੰ ਉਹ ਦਿਨ ਵੀ ਵੇਖਣੇ ਪਏ, ਜਦੋਂ ਕਿਰਾਏ ਲਈ ਜੇਬ ’ਚੋਂ ਪੈਸੇ ਵੀ ਨਾ ਨਿਕਲਦੇ। ਸਮਾਂ ਬਦਲਿਆ ਅਤੇ ਹੌਸਲੇ ਤੇ ਹਿੰਮਤ ਦੀ ਕਹਾਣੀ ਸਿਰਜਦਿਆਂ ਹਰਮੀਕ ਨੇ ਦੁਬਈ ’ਚ 9 ਕੰਪਨੀਆਂ ਖੜ੍ਹੀਆਂ ਕੀਤੀਆਂ। ਉਨ੍ਹਾਂ ਦੇ ਗਰੁੱਪ ਦਾ ਨਾਂ ਹੈ ‘ਪਲੈਨ ਬੀ’। ਉਹ ਸਫ਼ਲ ਕਾਰੋਬਾਰੀ ਦੇ ਨਾਲ-ਨਾਲ ਸਮਾਜਸੇਵੀ ਵੀ ਹਨ ਅਤੇ ‘ਬਾਕਸ ਆਫ ਹੋਪ’ ਨਾਂ ਦੀ ਸੰਸਥਾ ਅਧੀਨ ਦੁਬਈ ’ਚ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਆਓ, ਹਰਮੀਕ ਦੀ ਜ਼ੁਬਾਨੀ ਜਾਣੀਏ ਉਨ੍ਹਾਂ ਦੇ ਸੰਘਰਸ਼ੀ ਸਫ਼ਰ ਦੀ ਕਹਾਣੀ- 
ਭਵਿੱਖ ਲਈ ਦੁਬਈ ਹੀ ਕਿਉਂ ਚੁਣਿਆ ?

ਇਹ ਵੀ ਪੜ੍ਹੋ : ਮੋਨੋਕਲੋਨਲ ਐਂਟੀਬਾਡੀ ਦੀ ਸ਼ੁਰੂਆਤੀ ਵਰਤੋਂ ਨਾਲ 85 ਫੀਸਦੀ ਤਕ ਘੱਟ ਸਕਦੈ ਕੋਰੋਨਾ ਤੋਂ ਮੌਤ ਦਾ ਖਤਰਾ : ਡਾ. ਫੌਸੀ

ਕੋਲਡ ਸਟੋਰੇਜ ’ਚ ਕਾਫ਼ੀ ਸੰਘਰਸ਼ ਦੇਖਿਆ। ਦਿੱਲੀ ਅੰਦਰ ਹੋਲਸੇਲ ਮਾਰਕੀਟ ਫਾਰ ਸਪਾਈਸਿਜ਼ ਅੰਦਰ ਦਾਖਲ ਹੋਣਾ ਬਹੁਤ ਮੁਸ਼ਕਿਲ ਸੀ। ਮੈਨੂੰ ਕਈ ਮਹੀਨੇ ਲੱਗ ਗਏ ਲੋਕਲ ਲੈਵਲ ਦੇ ਕਾਰੋਬਾਰੀਆਂ ਨਾਲ ਸਾਂਝ ਪਾਉਣ ਲਈ। ਮੇਰੀ ਭੈਣ ਦੁਬਈ ਰਹਿੰਦੀ ਸੀ ਤੇ ਮੇਰਾ ਦਿਲ ਕੀਤਾ ਕਿ ਅਸੀਂ ਸਾਰਾ ਪਰਿਵਾਰ ਇਕੱਠੇ ਰਹੀਏ। ਦੁਬਈ ਸੁਫ਼ਨਿਆਂ ਦਾ ਸ਼ਹਿਰ ਹੈ। ਤੁਸੀਂ ਮਿਹਨਤ ਅਤੇ ਵਿਜ਼ਨ ਨਾਲ ਚੱਲਦੇ ਹੋ ਤਾਂ ਕਾਮਯਾਬ ਜ਼ਰੂਰ ਹੁੰਦੇ ਹੋ। ਕਈ ਵਾਰ ਤੁਹਾਡੀ ਮਜਬੂਰੀ ਹੁੰਦੀ ਹੈ ਕਿ ਜਾਨ ਬਚਾਉਣ ਲਈ ਪਾਣੀ ’ਚ ਛਾਲ ਮਾਰਨੀ ਪੈਂਦੀ ਹੈ ਤੇ ਸਥਿਤੀ ਆਪੇ ਤੈਰਨਾ ਸਿਖਾ ਦਿੰਦੀ ਹੈ। ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਮੈਂ ਬਿਨਾਂ ਕਿਸੇ ਪਲਾਨ ਦੇ ਦੁਬਈ ਆਇਆ ਸੀ। ਕਦੇ ਨਹੀਂ ਸੋਚਿਆ ਸੀ ਕਿ ਕੀ ਕਰਾਂਗਾ। ਉਸ ਵਕਤ ਪੁੱਤਰ ਦਾ ਜਨਮ ਹੋ ਚੁੱਕਾ ਸੀ ਤੇ ਧੀ ਦਾ ਜਨਮ ਹੋਣ ਵਾਲਾ ਸੀ। ਮੇਰੇ ਸਹੁਰਿਆਂ ਦਾ ਚੰਗਾ ਕਾਰੋਬਾਰ ਸੀ। ਉਨ੍ਹਾਂ ਨੇ ਮੈਨੂੰ ਆਫ਼ਰ ਕੀਤਾ ਕਿ ਅਸੀਂ ਮਦਦ ਕਰਦੇ ਹਾਂ। ਮੈਨੂੰ ਲੱਗਾ ਕਿ ਨਹੀਂ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੀ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਇੱਕ ਮੌਕਾ ਦਿਓ, ਮੈਂ ਕੋਸ਼ਿਸ਼ ਕਰਾਂਗੇ ਆਪਣੇ ਪੈਰਾਂ ’ਤੇ ਖੜ੍ਹ ਸਕਣ ਦਾ। ਮੇਰੇ ਅੰਦਰ ਜੋਸ਼ ਵੀ ਸੀ ਤੇ ਹੋਸ਼ ਵੀ। ਮੈਂ ਧਾਰ ਲਿਆ ਸੀ ਕਿ ਹੁਣ ਇਥੇ ਹੀ ਮਿਹਨਤ ਕਰਾਂਗਾ, ਵਾਪਸ ਨਹੀਂ ਜਾਵਾਂਗਾ।

ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ ’ਤੇ ਧਮਾਕਿਆਂ ਨਾਲ ਦਹਿਸ਼ਤ ’ਚ ਦੁਨੀਆ, ਇਨ੍ਹਾਂ ਦੇਸ਼ਾਂ ਨੇ ਖ਼ਤਮ ਕੀਤਾ ਰੈਸਕਿਊ ਆਪ੍ਰੇ਼ਸ਼ਨ

PunjabKesari

ਨੌਕਰੀ ਕਰਨੀ ਪਈ ਤਾਂ ਮਾਨਸਿਕ ਸਥਿਤੀ ਕੀ ਸੀ?
ਇਥੇ ਆ ਕੇ ਪਤਾ ਲੱਗਿਆ ਕਿ ਮੈਂ ਕਿਸੇ ਕਿੰਗਡਮ ਦਾ ਪ੍ਰਿੰਸ ਨਹੀਂ ਹਾਂ। ਜਦੋਂ ਤੁਹਾਨੂੰ ਕੋਈ ਰਿਜੈਕਟ ਕਰਦਾ ਹੈ ਕਿ ਤੇਰੇ ਨਾਲ ਕੰਮ ਨਹੀਂ ਕਰਨਾ ਤਾਂ ਬੰਦੇ ਨੂੰ ਮਾਨਸਿਕ ਤਣਾਅ ’ਚੋਂ ਲੰਘਣਾ ਪੈਂਦਾ ਹੈ। ਲੋਕਾਂ ਦੇ ਤਾਅਨੇ-ਮਿਹਣੇ ਸੁਣਨੇ ਪੈਂਦੇ ਹਨ। ਅਜਿਹੇ ਵਕਤ ਮਾਈਂਡ ਟਰੇਨਿੰਗ ਜ਼ਰੂਰੀ ਹੈ। ਜਦੋਂ ਲੋਕਾਂ ਦੇ ਤਾਅਨੇ ਸੁਣਨ ਦੀ ਗੱਲ ਆਉਂਦੀ ਤਾਂ ਮੈਂ ਕੰਨਾਂ ’ਚ ਹੈੱਡਫੋਨ ਲਾ ਲੈਂਦਾ ਸੀ। ਹਾਲਾਤ ਇਹ ਸਨ ਕਿ ਮੈਂ 6 ਸਾਲ ਇੰਡੀਆ ਨਹੀਂ ਗਿਆ। ਕਿਸੇ ਚੀਜ਼ ਨੂੰ ਮਨ ਤਰਸਦਾ ਤਾਂ ਸੋਚੀਦਾ ਸੀ ਕਿ ਫਿਰ ਖਰੀਦਾਂਗੇ। 

ਇਸਲਾਮਿਕ ਦੇਸ਼ ’ਚ ਕੀ ਸੀ ਚੁਣੌਤੀ?
ਸਾਡੇ ਆਪਣਿਆਂ ਦੀ ਸਪੋਰਟ ਸ਼ਾਇਦ ਓਨੀ ਨਹੀਂ ਮਿਲਦੀ, ਜਿੰਨੀ ਮਿਲਣੀ ਚਾਹੀਦੀ ਹੈ ਪਰ ਇਥੋਂ ਦੀ ਸਰਕਾਰ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੀ ਹੈ। ਸ਼ੇਖ ਸਰਦਾਰਾਂ ਦੀ ਬਹੁਤ ਕਦਰ ਕਰਦੇ ਨੇ। ਇਥੋਂ ਦੇ ਲੋਕਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਸਰਦਾਰ ਕਦੇ ਧੋਖਾ ਨਹੀਂ ਦਿੰਦੇ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਸਾਡੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਇਸ ਨੂੰ ਬਰਕਰਾਰ ਰੱਖਿਆ ਜਾਵੇ।

ਸ਼ੁਰੂਆਤ ਤੋਂ ਅੱਜ ਤਕ ਦਾ ਸਫ਼ਰ
ਪਹਿਲੀ ਕੰਪਨੀ ਪ੍ਰਿੰਟਿੰਗ ਦੀ ਸੀ। ਕਿਸੇ ਵੀ ਰਿਟੇਲ ਬ੍ਰਾਂਡ ਨੂੰ ਈਵੈਂਟ ਅੰਦਰ ਡਿਜੀਟਲ ਪ੍ਰਿੰਟਿੰਗ ਸਪਲਾਈ ਕਰਦੇ ਸੀ। ਫਿਰ ਅਸੀਂ ਈਵੈਂਟ ਦੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ। ਬਾਅਦ ’ਚ ਈਵੈਂਟ ਮੈਨੇਜ ਕਰਨ ਦਾ ਕੰਮ ਸ਼ੁਰੂ ਕੀਤਾ। ਸਾਡੇ ਕੋਲ ਇੰਟੀਰੀਅਰ ਦੀ ਕੰਪਨੀ ਵੀ ਹੈ ਤੇ ਪ੍ਰੋਡਕਸ਼ਨ ਦੀ ਵੀ। ਪਿਛਲੇ 6-7 ਸਾਲ ਤੋਂ ਟੈਕਨਾਲੋਜੀ ਦੇ ਖੇਤਰ ’ਚ ਕੰਮ ਕਰਦੇ ਹਾਂ ਕਿਉਂਕਿ ਭਵਿੱਖ ’ਚ ਟੈਕਨਾਲੋਜੀ ਦਾ ਵਿਸ਼ਾਲ ਖੇਤਰ ਹੈ। ਫਿਰ ਸਟ੍ਰੈਟੇਜੀ ਦੇ ਖੇਤਰ ’ਚ ਕਦਮ ਰੱਖਿਆ, ਜੋ ਸਮੇਂ ਦੀ ਮੁੱਖ ਡਿਮਾਂਡ ਵੀ ਸੀ।

‘ਪਲੈਨ-ਬੀ’ ਨਾਂ ਪਿੱਛੇ ਕੀ ਫੰਡਾ ਹੈ ?
ਮੈਂ ਆਪਣੇ ਪਿਤਾ ਦੇ ਪੈਸੇ ਨਾਲ ਵਪਾਰ ਸ਼ੁਰੂ ਕੀਤਾ ਪਰ ਉਹ ਠੱਪ ਹੋ ਗਿਆ। ਇਸ ਨਾਲ ਮੈਨੂੰ ਤੇ ਕੋਈ ਘਾਟਾ ਨਹੀਂ ਪਿਆ ਪਰ ਪਿਤਾ ਜੀ ਨੂੰ ਆਰਥਿਕ ਨੁਕਸਾਨ ਹੋਇਆ। ਉਨ੍ਹਾਂ ਮੈਨੂੰ ਪੁੱਛਿਆ ਕਿ ਹੁਣ ਪਲੈਨ ਬੀ ਕੀ ਹੈ ਤਾਂ ਇਹ ਗੱਲ਼ ਮੇਰੇ ਦਿਲ ’ਚ ਘਰ ਕਰ ਗਈ। ਅੱਜ 17 ਸਾਲ ਤੋਂ ‘ਪਲੈਨ ਬੀ’ ਹੇਠ ਹੀ ਸਭ ਕੰਮ ਚੱਲ ਰਹੇ ਹਨ ਅਤੇ ਸਾਡੇ ਕੋਲ 300 ਦੇ ਕਰੀਬ ਮੁਲਾਜ਼ਮ ਹਨ। 

‘ਬਾਕਸ ਆਫ਼ ਹੋਪ’ ਕਿਵੇਂ ਹੋਂਦ ’ਚ ਆਈ?
‘ਬਾਕਸ ਆਫ਼ ਹੋਪ’ ਸਮਾਜ ਸੇਵੀ ਸੰਸਥਾ ਰਾਹੀਂ ਅਸੀਂ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ। ਜੋ ਲੋਕ ਆਰਥਿਕ ਪੱਖੋਂ ਸਮਰੱਥ ਨਹੀਂ ਹੁੰਦੇ, ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਰੋਟੀ, ਕੱਪੜਾ ਤੇ ਮਕਾਨ ਹਨ। ਕਈ ਵਾਰ ਇਥੇ ਆਏ ਲੋਕ ਕਿਸੇ ਕਾਰਨ ਭੁੱਖਣ-ਭਾਣੇ ਸੜਕਾਂ ’ਤੇ ਸੌਂ ਰਹੇ ਹੁੰਦੇ ਨੇ। ਅਸੀਂ ਉਨ੍ਹਾਂ ਲਈ ਰੈਣ ਬਸੇਰੇ ਅਤੇ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਹਾਂ। ਕਿਸੇ ਕੋਲ ਘਰ ਜਾਣ ਲਈ ਪੈਸੇ ਨਹੀਂ ਹਨ ਤਾਂ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਕਿਸੇ ਲੜਾਈ-ਝਗੜੇ 'ਚ ਫਸੇ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਕਾਨੂੰਨੀ ਸੇਵਾਵਾਂ ਵੀ ਦਿੱਤੀਆਂ। ਕੋਵਿਡ ਦੇ ਸਮੇਂ ਅਸੀਂ ਸਰਕਾਰ ਨਾਲ ਮਿਲ ਕੇ ‘ਨੋ ਵਨ ਸਲੀਪ ਹੰਗਰੀ’ ਦੇ ਸਲੋਗਨ ਅਧੀਨ ਕੰਮ ਕੀਤਾ। ਇਕਾਂਤਵਾਸ ਹੋਏ ਲੋਕਾਂ ਨੂੰ ਖਾਣਾ ਅਤੇ ਰਾਸ਼ਨ ਪਹੁੰਚਾਇਆ। ਵਾਹਿਗੁਰੂ ਨੇ ਸਾਨੂੰ ਜੇਕਰ ਇਹ ਸੇਵਾ ਬਖ਼ਸ਼ੀ ਹੈ ਤਾਂ ਦੁਆਵਾਂ ਲੈ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਮੇਰਾ ਸ਼ੌਕ ਤਸਵੀਰਾਂ ਖਿਚਵਾ ਕੇ ਆਪਣੇ ਆਪ ਨੂੰ ਪ੍ਰਮੋਟ ਕਰਨਾ ਨਹੀਂ ਹੈ। ਸਾਡੇ ਵਡੇਰਿਆਂ ਨੇ ਕਿਹਾ ਹੈ ਕਿ ਭਲਾਈ ਇਵੇਂ ਕਰੋ ਕਿ ਸੱਜੇ ਹੱਥ ਦਾ ਦਿੱਤਾ ਦਾਨ ਖੱਬੇ ਨੂੰ ਵੀ ਪਤਾ ਨਾ ਲੱਗੇ।  
 
ਐਕਟਿਵ ਤੇ ਵਿਜ਼ਨ ਹੋਣਾ ਜ਼ਰੂਰੀ
ਬੰਦੇ ਲਈ ਪ੍ਰੋ ਐਕਟਿਵ ਤੇ ਵਿਜ਼ਨ ਬਹੁਤ ਜ਼ਰੂਰੀ ਆ। ਮੈਂ ਵਿਚਾਰਾਂ ਨੂੰ ਐਕਸ਼ਨ ’ਚ ਲਿਆਉਂਦਾ ਹਾਂ। ਸਿੰਪਲ ਗੱਲ ਹੈ, ਜੇ ਮੈਂ ਕਿਸੇ ਨਾਲ ਵਪਾਰ ਕਰਦਾ ਹਾਂ ਤਾਂ ਇਹ ਸਪੱਸ਼ਟ ਕਰਾਂਗਾ ਕਿ ਉਹ ਮੇਰੇ ਨਾਲ ਹੀ ਕੰਮ ਕਰੇ। ਇਸ ਤਰ੍ਹਾਂ ਅਸੀਂ ਦੋਵੇਂ ਨਿਸ਼ਚਿੰਤ ਹੋ ਜਾਂਦੇ ਹਾਂ। ਕਾਰੋਬਾਰ ਲਈ ਸਪੱਸ਼ਟ ਰੂਲ ਹੈ ਕਿ ਜੇ ਮੈਂ ਕਿਸੇ ਨੂੰ ਇਕ ਚੀਜ਼ ਬਣਾ ਕੇ ਦਿੰਦਾ ਹਾਂ ਤੇ ਉਸ ਨੂੰ ਉਹ ਪਸੰਦ ਆਉਂਦੀ ਹੈ ਤਾਂ ਹੀ ਮੈਂ ਕੋਈ ਨਵੀਂ ਚੀਜ਼ ਦੇਵਾਂਗਾ ਤੇ ਜ਼ਾਹਿਰ ਹੈ ਕਿ ਉਹ ਵੀ ਪਸੰਦ ਆਵੇਗੀ। ਇਵੇਂ ਕਾਰੋਬਾਰ ਭਰੋਸੇ ਅਤੇ ਵਿਸ਼ਵਾਸ ਦੇ ਬਲਬੂਤੇ ਹੌਲੀ-ਹੌਲੀ ਵਧਦਾ ਹੈ। ਜਦੋਂ ਤੱਕ ਜੜ੍ਹਾਂ ਮਜ਼ਬੂਤ ਹਨ, ਕੋਈ ਕੁਝ ਵਿਗਾੜ ਨਹੀਂ ਸਕਦਾ ਬਸ਼ਰਤੇ ਕਿ ਬੰਦੇ ਨੂੰ ਆਪਣਾ ਵਿਜ਼ਨ ਸਪੱਸ਼ਟ ਹੋਣਾ ਚਾਹੀਦਾ ਹੈ।


Manoj

Content Editor

Related News