ਬੁਰਕਾ ਤੇ ਸਿਰੀ ਸਾਹਿਬ ਧਾਰਨ ਕਰ ਕੇ ''NEET'' ਪ੍ਰੀਖਿਆ ਦੇਣ ਦੀ ਮਿਲੀ ਮਨਜ਼ੂਰੀ

12/02/2019 6:35:24 PM

ਨਵੀਂ ਦਿੱਲੀ— ਹਿਜਾਬ, ਬੁਰਕਾ, ਕੜਾ ਅਤੇ ਸਿਰੀ ਸਾਹਿਬ ਨੂੰ ਧਾਰਨ ਕਰ ਕੇ ਉਮੀਦਵਾਰ ਅਗਲੇ ਸਾਲ ਤੋਂ ਮੈਡੀਕਲ ਐਂਟਰੈਂਸ ਦੀ ਪ੍ਰੀਖਿਆ 'ਨੀਟ' ਦੇ ਸਕਣਗੇ। ਇਸ ਲਈ ਸਬੰਧਤ ਉਮੀਦਵਾਰ ਨੂੰ ਪ੍ਰੀਖਿਆ ਕੇਂਦਰ ਦਾ ਗੇਟ ਬੰਦ ਹੋਣ ਤੋਂ ਇਕ ਘੰਟਾ ਪਹਿਲਾਂ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਅੰਡਰ ਗ੍ਰੈਜੂਏਟ ਮੈਡੀਕਲ ਐਂਟਰੈਂਸ ਲਈ ਆਲ ਇੰਡੀਆ ਪੱਧਰ 'ਤੇ ਹੋਣ ਵਾਲੀ ਨੀਟ ਪ੍ਰੀਖਿਆ ਮਈ 2020 ਨੂੰ ਹੋਵੇਗੀ। ਪ੍ਰੀਖਿਆ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਅਤੇ ਗੇਟ ਦੁਪਹਿਰ 12.30 ਵਜੇ ਬੰਦ ਕਰ ਦਿੱਤੇ ਜਾਣਗੇ।

ਐਡਮਿਟ ਕਾਰਡ ਜਾਰੀ ਹੋਣ ਤੋਂ ਪਹਿਲਾਂ ਲੈਣੀ ਹੋਵੇਗੀ ਮਨਜ਼ੂਰੀ
ਨੀਟ ਪ੍ਰੀਖਿਆ ਲਈ ਡ੍ਰੈੱਸ ਕੋਡ ਬਹੁਤ ਸਖਤ ਹੈ ਪਰ ਧਾਰਮਿਕ ਪੱਖੋਂ ਨਾਜ਼ੁਕਤਾ ਨੂੰ ਵੇਖਦਿਆਂ ਕੁਝ ਮਾਮਲਿਆਂ 'ਚ ਢਿੱਲ ਦੇਣ ਦਾ ਫੈਸਲਾ ਹੋਇਆ ਹੈ। ਅਜਿਹੇ ਉਮੀਦਵਾਰ, ਜਿਨ੍ਹਾਂ ਨੇ ਡ੍ਰੈੱਸ ਕੋਡ ਵਿਰੁੱਧ ਕੁਝ ਹੋਰ ਪਹਿਨਿਆ ਹੋਵੇਗਾ, ਨੂੰ ਐਡਮਿਟ ਕਾਰਡ ਜਾਰੀ ਹੋਣ ਤੋਂ ਪਹਿਲਾਂ ਇਸ ਸਬੰਧੀ ਲੋੜੀਂਦੀ ਆਗਿਆ ਲੈਣੀ ਹੋਵੇਗੀ।

ਸੋਮਵਾਰ ਤੋਂ ਸ਼ੁਰੂ ਹੋ ਗਈ ਰਜਿਸਟਰੇਸ਼ਨ ਪ੍ਰਕਿਰਿਆ
ਨੀਟ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸੋਮਵਾਰ ਨੂੰ ਸ਼ੁਰੂ ਹੋ ਗਈ। ਕਿਸੇ ਤਰ੍ਹਾਂ ਦੇ ਧੋਖੇ ਨੂੰ ਰੋਕਣ ਲਈ ਨੈਸ਼ਨਲ ਟੈਸਟਿੰਗ ਏਜੰਸੀ ਉਮੀਦਵਾਰਾਂ ਕੋਲੋਂ ਇਕ ਵਾਧੂ ਪਾਸਪੋਰਟ ਸਾਈਜ਼ ਦੀ ਫੋਟੋ ਅਪਲੋਡ ਕਰਵਾ ਰਹੀ ਹੈ। ਇਸ ਦੇ ਨਾਲ ਹੀ 10ਵੀਂ ਅਤੇ 12ਵੀਂ ਦੇ ਰੋਲ ਨੰਬਰਾਂ ਅਤੇ ਸਰਟੀਫਿਕੇਟਾਂ ਦੀ ਵੀ ਜਾਂਚ ਕੀਤੀ ਜਾਏਗੀ।

ਇਸ ਵਾਰ ਪ੍ਰੀਖਿਆ 11 ਭਾਸ਼ਾਵਾਂ 'ਚ ਹੋਵੇਗੀ ਆਯੋਜਿਤ
ਇਸ ਵਾਰ ਦਾ ਨੀਟ-ਯੂ.ਜੀ. ਪਹਿਲਾਂ ਦੇ ਮੁਕਾਬਲੇ ਵੱਡਾ ਹੋਵੇਗਾ, ਕਿਉਂਕਿ 8 ਨਵੇਂ ਇੰਸਟੀਚਿਊਟ ਵੀ ਇਸ 'ਚ ਸ਼ਾਮਲ ਹੋ ਚੁੱਕੇ ਹਨ। ਇਸ ਵਾਰ ਦੀ ਪ੍ਰੀਖਿਆ 11 ਭਾਸ਼ਾਵਾਂ 'ਚ ਆਯੋਜਿਤ ਹੋਵੇਗੀ। ਪਹਿਲੀ ਵਾਰ ਇਨ੍ਹਾਂ ਸਭ ਭਾਸ਼ਾਵਾਂ 'ਚ ਇਨਫਾਰਮੇਸ਼ਨ ਬੁਲੇਟਿਨ ਵੀ ਮੁਹੱਈਆ ਕਰਵਾਇਆ ਜਾਏਗਾ।


DIsha

Content Editor

Related News