ਸੰਭਲ ’ਚ ਕਬਰਿਸਤਾਨ ਦੀ ਸਰਕਾਰੀ ਜ਼ਮੀਨ ’ਤੇ ਬਣੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ

Saturday, Jun 06, 2026 - 08:07 PM (IST)

ਸੰਭਲ ’ਚ ਕਬਰਿਸਤਾਨ ਦੀ ਸਰਕਾਰੀ ਜ਼ਮੀਨ ’ਤੇ ਬਣੀ ਮਸਜਿਦ ’ਤੇ ਚੱਲਿਆ ਬੁਲਡੋਜ਼ਰ

ਸੰਭਲ, (ਇੰਟ.)-ਜ਼ਿਲੇ ਦੇ ਨਖਾਸਾ ਥਾਣਾ ਖੇਤਰ ਦੇ ਕਸੇਰੂਆ ਪਿੰਡ ਵਿਚ ਕਬਰਿਸਤਾਨ ਦੀ ਸਰਕਾਰੀ ਜ਼ਮੀਨ ’ਤੇ ਬਣੀ ‘ਮਸਜਿਦ ਮੁਸਤਫਾ ਕਾਦਰੀ’ ਨੂੰ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਤਹਿਸੀਲਦਾਰ ਅਦਾਲਤ ਦੇ ਬੇਦਖ਼ਲੀ ਹੁਕਮਾਂ ਤੋਂ ਬਾਅਦ ਕਰੀਬ 120 ਵਰਗ ਮੀਟਰ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ। ਕਾਰਵਾਈ ਦੌਰਾਨ ਮਸਜਿਦ ਦੀ 2 ਮੰਜ਼ਿਲਾ ਇਮਾਰਤ ਅਤੇ ਲੱਗਭਗ 55 ਫੁੱਟ ਉੱਚੀ ਮੀਨਾਰ ਨੂੰ ਵੀ ਡੇਗ ਦਿੱਤਾ ਗਿਆ।

ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਰੈਵੇਨਿਊ ਰਿਕਾਰਡ ਵਿਚ ਸਬੰਧਤ ਜ਼ਮੀਨ ਕਬਰਿਸਤਾਨ ਵਜੋਂ ਦਰਜ ਹੈ। ਜਾਂਚ ਤੋਂ ਬਾਅਦ, ਮਾਲੀਆ ਜ਼ਾਬਤੇ ਦੀ ਧਾਰਾ 67 ਤਹਿਤ ਕਾਰਵਾਈ ਕੀਤੀ ਗਈ। ਮਸਜਿਦ ਕਮੇਟੀ ਨੇ ਜ਼ਿਲਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਅਪੀਲ ਕੀਤੀ ਸੀ, ਪਰ ਉਸਾਰੀ ਹਟਾਉਣ ’ਤੇ ਕੋਈ ਰੋਕ ਨਹੀਂ ਮਿਲੀ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਮਸਜਿਦ ਦੇ ਕੁਝ ਹਿੱਸਿਆਂ ਵਿਚੋਂ ‘ਆਈ ਲਵ ਮੁਹੰਮਦ’ ਲਿਖੇ ਪੋਸਟਰ ਅਤੇ ਝੰਡੇ ਵੀ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮਸਜਿਦ ਕਮੇਟੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਸਜਿਦ ਕਈ ਦਹਾਕੇ ਪੁਰਾਣੀ ਹੈ ਅਤੇ ਇੱਥੇ ਲੰਬੇ ਸਮੇਂ ਤੋਂ ਨਮਾਜ਼ ਅਦਾ ਕੀਤੀ ਜਾ ਰਹੀ ਸੀ।

ਇਸ ਕਾਰਵਾਈ ਲਈ ਥਾਣਾ ਨਖਾਸਾ ਦੇ ਮੁਖੀ ਸੰਜੇ ਕੁਮਾਰ, ਥਾਣਾ ਕੈਲਾਦੇਵੀ ਦੇ ਸਚਿਨ ਕੁਮਾਰ, ਥਾਣਾ ਰਾਏਸੱਤੀ ਦੇ ਸੌਰਭ ਤਿਆਗੀ, ਮਹਿਲਾ ਥਾਣਾ ਮੁਖੀ ਰੇਣੂ ਕੁਮਾਰੀ ਸਮੇਤ ਵੱਖ-ਵੱਖ ਥਾਣਿਆਂ ਦੀ ਪੁਲਸ ਫੋਰਸ ਦੇ ਨਾਲ 60 ਪੀ. ਏ. ਸੀ. ਜਵਾਨ ਵੀ ਤਾਇਨਾਤ ਕੀਤੇ ਗਏ ਹਨ। 


author

Shubam Kumar

Content Editor

Related News