ਕਰਨਾਟਕ ਦੇ ਮੁੱਖ ਮੰਤਰੀ, ਉਪ-ਮੁੱਖ ਮੰਤਰੀ ਦੇ ਨਿਵਾਸਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Tuesday, Oct 14, 2025 - 10:33 PM (IST)

ਬੈਂਗਲੁਰੂ, (ਭਾਸ਼ਾ)- ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਤਾਮਿਲਨਾਡੂ ਦੇ ਉਸ ਵਿਅਕਤੀ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੇ ਹਾਲ ’ਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ-ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦੇ ਨਿਵਾਸਾਂ ਨੂੰ ਉਡਾਉਣ ਦੀ ਧਮਕੀ ਵਾਲੀ ਫਰਜ਼ੀ ਈ-ਮੇਲ ਭੇਜੀ ਸੀ।
ਉਨ੍ਹਾਂ ਦੱਸਿਆ ਕਿ ਇਹ ਈ-ਮੇਲ 11 ਅਕਤੂਬਰ ਨੂੰ ਤਾਮਿਲਨਾਡੂ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਨੂੰ ਇਕ ਖਾਸ ਆਈ. ਡੀ. ਤੋਂ ਭੇਜਿਆ ਗਈ ਸੀ, ਜਿਸ ਤੋਂ ਬਾਅਦ ਕਰਨਾਟਕ ਪੁਲਸ ਦੇ ਅਧਿਕਾਰੀਆਂ ਨੂੰ ਤੁਰੰਤ ਚੌਕਸ ਕਰ ਦਿੱਤਾ ਗਿਆ ਅਤੇ ਸਾਵਧਾਨੀ ਵਜੋਂ ਜ਼ਰੂਰੀ ਕਦਮ ਚੁੱਕੇ ਗਏ।
ਕਥਿਤ ਈ-ਮੇਲ ’ਚ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਦੋਵਾਂ ਦੇ ਨਿਵਾਸਾਂ ’ਤੇ ‘4 ਆਰ. ਡੀ. ਐਕਸ. ਉਪਕਰਣ ਅਤੇ ਕਈ ਆਈ. ਈ. ਡੀ.’ ਲਾਏ ਗਏ ਹਨ ਅਤੇ ਉਨ੍ਹਾਂ ਨੂੰ ‘ਦੂਰ ਤੋਂ ਹੀ ਉਡਾ ਦਿੱਤਾ ਜਾਵੇਗਾ’।
ਪ੍ਰੋਟੋਕਾਲ ਅਨੁਸਾਰ, ਸਾਵਧਾਨੀ ਵਜੋਂ ਉਪਾਅ ਸ਼ੁਰੂ ਕੀਤੇ ਗਏ ਅਤੇ ਬੈਂਗਲੁਰੂ ਪੁਲਸ ਨੇ ਬੰਬ ਨਾਕਾਰਾ ਕਰਨ ਵਾਲੇ ਦਸਤੇ ਭੇਜਣ ਦੇ ਨਾਲ-ਨਾਲ ਦੋਵਾਂ ਨਿਵਾਸਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਕ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਡੂੰਘੀ ਜਾਂਚ ਤੋਂ ਬਾਅਦ, ਈ-ਮੇਲ ਨੂੰ ਫਰਜ਼ੀ ਐਲਾਨ ਦਿੱਤਾ ਗਿਆ।