ਕੇਰਲ ਦੇ CM ਵਿਜਯਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Thursday, Nov 27, 2025 - 10:36 PM (IST)
ਤਿਰੂਵਨੰਤਪੁਰਮ, (ਭਾਸ਼ਾ)- ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਇਕ ਸਵੈ-ਘੋਸ਼ਿਤ ਨਨ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ, ਮੁਲਜ਼ਮ ਔਰਤ ਦਾ ਨਾਂ ਟੀਨਾ ਜੋਸ ਹੈ। ਟੀਨਾ ਜੋਸ ਨੇ ਫੇਸਬੁੱਕ ’ਤੇ ਕਿਸੇ ਹੋਰ ਦੀ ਪੋਸਟ ਦੇ ਕੁਮੈਂਟ ਬਾਕਸ ਵਿਚ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਤਿਰੂਵਨੰਤਪੁਰਮ ਸਿਟੀ ਸਾਈਬਰ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਵੈ-ਘੋਸ਼ਿਤ ਨਨ ’ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 192 (ਦੰਗਾ ਭੜਕਾਉਣ ਦੇ ਇਰਾਦੇ ਨਾਲ ਉਕਸਾਉਣਾ) ਅਤੇ 351(2) (ਅਪਰਾਧਿਕ ਧਮਕੀ/ਧਮਕਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
