ਪਹਿਲਵਾਨਾਂ ਦੇ ਸਮਰਥਨ ''ਚ 9 ਜੂਨ ਨੂੰ ਦਿੱਲੀ ''ਚ ਧਰਨਾ ਦੇਣ ਦਾ ਕਿਸਾਨਾਂ ਦਾ ਪ੍ਰੋਗਰਾਮ ਮੁਲਤਵੀ : ਟਿਕੈਤ
Tuesday, Jun 06, 2023 - 11:41 PM (IST)
ਮੁਜ਼ੱਫਰਨਗਰ- ਭਾਰਤੀ ਕਿਸਾਨ ਯੂਨੀਅਨ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ 9 ਜੂਨ ਨੂੰ ਦਿੱਲੀ 'ਚ ਧਰਨਾ ਦੇਣ ਦਾ ਕਿਸਾਨਾਂ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਪਹਿਲਵਾਨਾਂ ਦੇ ਸਮਰਥਨ 'ਚ ਪ੍ਰਸਤਾਵਿਤ ਧਰਨਾ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਦੀ ਬੇਨਤੀ ’ਤੇ ਕਿਸਾਨਾਂ ਨੇ ਦਿੱਲੀ ਵਿਚ 9 ਜੂਨ ਨੂੰ ਹੋਣ ਵਾਲਾ ਪ੍ਰਸਤਾਵਿਤ ਅੰਦੋਲਨ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਟਿਕੈਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਵਾਨਾਂ ਦੀ ਇਸ ਮਾਮਲੇ ਵਿਚ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬਜਰੰਗ ਪੂਨੀਆ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਹੁਣ ਤੱਕ ਗੱਲਬਾਤ ਦਾ ਨਤੀਜਾ ਨਹੀਂ ਨਿਕਲਿਆ ਹੈ। ਟਿਕੈਤ ਨੇ ਕਿਹਾ ਕਿ ਅੰਦੋਲਨਕਾਰੀ ਪਹਿਲਵਾਨਾਂ ਦੇ ਕਹਿਣ 'ਤੇ ਉਨ੍ਹਾਂ 9 ਜੂਨ ਨੂੰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਹੈ।
ਟਿਕੈਤ ਨੇ ਕੁਰੂਕਸ਼ੇਤਰ ਦੀ ਮਹਾਪੰਚਾਇਤ 'ਚ ਬ੍ਰਿਜਭੂਸ਼ਣ ਸ਼ਰਨ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 9 ਜੂਨ ਨੂੰ ਦਿੱਲੀ 'ਚ ਧਰਨੇ ਦਾ ਐਲਾਨ ਕੀਤਾ ਸੀ। ਹਰਿਆਣਾ ਦੇ ਕੁਰੂਕਸ਼ੇਤਰ 'ਚ 'ਖਾਪ ਮਹਾਪੰਚਾਇਤ' ਨੇ ਸ਼ੁੱਕਰਵਾਰ ਨੂੰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਸਰਕਾਰ ਨੂੰ ਇਸ 'ਤੇ ਕਾਰਵਾਈ ਕਰਨ ਲਈ 9 ਜੂਨ ਤੱਕ ਦਾ ਸਮਾਂ ਦਿੱਤਾ। ਉਨ੍ਹਾਂ ਕਿਹਾ ਸੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨ ਧਰਨਾਕਾਰੀ ਪਹਿਲਵਾਨਾਂ ਨਾਲ 9 ਜੂਨ ਨੂੰ ਜੰਤਰ-ਮੰਤਰ ਜਾਣਗੇ।
ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮੁੱਦੇ ਨਾਲ ਸਬੰਧਤ ਅੰਦੋਲਨ ਵਿੱਚ ਚੁੱਕੇ ਜਾਣ ਵਾਲੇ ਅਗਲੇ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਇੱਥੇ 'ਖਾਪ ਮਹਾਪੰਚਾਇਤ' ਦੀ ਮੀਟਿੰਗ ਹੋਈ ਸੀ।