ਹਿਮਾਚਲ ''ਚ ਗਰਮਾਈ ਸਿਆਸਤ, ਸਰਕਾਰ ਖਿਲਾਫ਼ ਕੱਢਿਆ ਸਮੋਸਾ ਮਾਰਚ
Saturday, Nov 09, 2024 - 02:57 PM (IST)
ਸ਼ਿਮਲਾ- ਸਮੋਸੇ ਦੀ ਜਾਂਚ ਮਾਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਹਿਮਾਚਲ ਸੂਬੇ ਦੀ ਬਦਨਾਮੀ ਹੋ ਰਹੀ ਹੈ। ਇਸ ਦੌਰਾਨ ਭਾਜਪਾ ਯੁਵਾ ਮੋਰਚਾ ਵੱਲੋਂ ਸ਼ੇਰ-ਏ-ਪੰਜਾਬ ਤੋਂ ਲੈ ਕੇ ਲੋਅਰ ਬਾਜ਼ਾਰ ਤੱਕ ਸਮੋਸਾ ਮਾਰਚ ਕੱਢਿਆ ਗਿਆ, ਜਿਸ 'ਚ ਯੁਵਾ ਮੋਰਚਾ ਦੇ ਵਰਕਰਾਂ ਨੇ ਹੱਥਾਂ ਅਤੇ ਪਲੇਟਾਂ 'ਤੇ ਸਮੋਸੇ ਰੱਖ ਕੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਇਹ ਮਾਰਚ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਤਿਲਕ ਰਾਜ ਦੀ ਪ੍ਰਧਾਨਗੀ ਹੇਠ ਕੱਢਿਆ ਗਿਆ। ਇਸ ਦੌਰਾਨ ਯੁਵਾ ਮੋਰਚਾ ਦੇ ਵਰਕਰਾਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ- CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ
ਭ੍ਰਿਸ਼ਟ ਸਰਕਾਰ ਦੀ ਅਕਲ ਵੀ ਭ੍ਰਿਸ਼ਟ, ਪੂਰੇ ਦੇਸ਼ 'ਚ ਸੂਬੇ ਦਾ ਮਜ਼ਾਕ ਉਡਾਇਆ: ਤਿਲਕ ਰਾਜ
ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਤਿਲਕ ਰਾਜ ਨੇ ਕਿਹਾ ਕਿ ਇਸ ਭ੍ਰਿਸ਼ਟ ਸਰਕਾਰ ਦੀ ਅਕਲ ਵੀ ਭ੍ਰਿਸ਼ਟ ਹੋ ਚੁੱਕੀ ਹੈ। ਜਿੱਥੇ ਸੂਬੇ ਦੇ ਲੋਕ ਪਰੇਸ਼ਾਨ ਹਨ, ਨੌਜਵਾਨ ਨੌਕਰੀਆਂ ਦੀ ਉਡੀਕ 'ਚ ਹਨ, ਬੇਰੁਜ਼ਗਾਰੀ ਵਧ ਰਹੀ ਹੈ, ਨੌਜਵਾਨਾਂ ਦੀ ਸਰਕਾਰ ਪ੍ਰਤੀ ਆਸ ਘੱਟਦੀ ਜਾ ਰਹੀ ਹੈ। ਉੱਥੇ ਹੀ ਇਸ ਸਮੇਂ ਇਹ ਕਾਂਗਰਸ ਸਰਕਾਰ ਮੁੱਖ ਮੰਤਰੀ ਦੇ ਸਮੋਸੇ ਗਾਇਬ ਹੋਣ ਤੋਂ ਚਿੰਤਤ ਹੈ। ਅਜਿਹੀ ਕੀ ਨੌਬਤ ਆ ਗਈ ਕਿ ਮੁੱਖ ਮੰਤਰੀ ਦੇ ਸਮੋਸੇ ਗਾਇਬ ਹੋਣ 'ਤੇ ਸਰਕਾਰ ਨੂੰ ਮੁੱਖ ਮੰਤਰੀ ਦੇ ਸਮੋਸੇ ਗਾਇਬ ਹੋਣ ਦੀ ਸੀ.ਆਈ.ਡੀ. ਜਾਂਚ ਬਿਠਾਉਣੀ ਪੈ ਗਈ? ਕੀ ਸਮੋਸੇ ਸਮੇਤ ਸਰਕਾਰ ਦੀ ਕੋਈ ਕੀਮਤੀ ਚੀਜ਼ ਗਾਇਬ ਹੋ ਗਈ? ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਪੂਰੇ ਦੇਸ਼ ਵਿਚ ਹਾਸੇ ਦਾ ਪਾਤਰ ਬਣ ਗਿਆ ਹੈ ਅਤੇ ਇਹ ਸਭ ਕਾਂਗਰਸ ਦੀ ਸੁੱਖ ਸਰਕਾਰ ਹੋਣ ਕਾਰਨ ਹੀ ਹੋ ਰਿਹਾ ਹੈ। ਕਦੇ ਸੂਬੇ 'ਚ ਟਾਇਲਟ ਟੈਕਸ ਲਗਾਇਆ ਜਾਂਦਾ ਹੈ ਤੇ ਕਦੇ ਸਮੋਸੇ ਦੀ ਪਰਖ, ਹਿਮਾਚਲ 'ਚ ਕੀ ਚੱਲ ਰਿਹਾ ਹੈ?