ਭਾਜਪਾ ਨੂੰ ਬੰਗਾਲ ’ਚ 70 ਸੀਟਾਂ ਵੀ ਨਹੀਂ ਮਿਲਣਗੀਆਂ: ਮਮਤਾ ਬੈਨਰਜੀ

04/14/2021 5:52:58 PM

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਇੱਥੇ ਵਿਧਾਨ ਸਭਾ ਚੋਣਾਂ ਵਿਚ 70 ਸੀਟਾਂ ਵੀ ਨਹੀਂ ਜਿੱਤ ਸਕੇਗੀ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਜਲਪਾਈਗੁੜੀ ਜ਼ਿਲ੍ਹੇ ਦੇ ਡਾਬਗ੍ਰਾਮ-ਫੁਲਬਾੜੀ ਵਿਚ ਇਕ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਾਲ ਹੀ ’ਚ ਕੀਤੇ ਗਏ ਇਸ ਦਾਅਵੇ ਦਾ ਮਜ਼ਾਕ ਬਣਾਇਆ ਕਿ ਭਾਜਪਾ ਨੇ 294 ਸੀਟਾਂ ਵਾਲੀ ਵਿਧਾਨ ਸਭਾ ਲਈ ਚੋਣਾਂ ਦੇ 4 ਪੜਾਅ ਵਿਚ ਹੀ 100 ਸੀਟਾਂ ਜਿੱਤ ਲਈਆਂ ਹਨ।  

ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਨ੍ਹਾਂ 135 ਸੀਟਾਂ ’ਤੇ ਹੁਣ ਤੱਕ ਚੋਣਾਂ ਨਹੀਂ ਹੋਈਆਂ ਹਨ, ਉਨ੍ਹਾਂ ’ਚੋਂ ਭਾਜਪਾ ਨੇ ਪਹਿਲਾਂ ਹੀ 100 ਸੀਟਾਂ ਜਿੱਤ ਲਈਆਂ ਹਨ। ਮੈਂ ਕਹਿ ਸਕਦੀ ਹਾਂ ਕਿ ਚੋਣਾਂ ਖ਼ਤਮ ਹੋਣ ਤੋਂ ਬਾਅਦ ਭਾਜਪਾ ਨੂੰ ਕੁੱਲ 294 ਸੀਟਾਂ ’ਚੋਂ 70 ਸੀਟਾਂ ਵੀ ਨਹੀਂ ਮਿਲਣਗੀਆਂ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਇਕ ਹੀ ਮੁੱਦੇ ’ਤੇ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਗੱਲਾਂ ਕਰ ਕੇ ਝੂਠ ਫੈਲਾਅ ਰਹੀ ਹੈ। 

ਮਮਤਾ ਨੇ ਕਿਹਾ ਕਿ ਜੇਕਰ ਤ੍ਰਿਣਮੂਲ ਕਾਂਗਰਸ ਫਿਰ ਤੋਂ ਸੱਤਾ ਵਿਚ ਆਉਂਦੀ ਹੈ ਤਾਂ ਉਹ ਪੱਛਮੀ ਬੰਗਾਲ ’ਚ ਵਿਵਾਦਪੂਰਨ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਨੂੰ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰੇ ਨਾਗਰਿਕ ਹੋ। ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਮਮਤਾ ਨੇ ਦਾਅਵਾ ਕੀਤਾ ਕਿ ਭਾਜਪਾ ਅਜਿਹੇ ਹੋਰ ਸੂਬਿਆਂ ਤੋਂ ਲੋਕਾਂ ਨੂੰ ਲਿਆ ਰਹੀ ਹੈ, ਜਿੱਥੇ ਮਹਾਮਾਰੀ ਫੈਲੀ ਹੋਈ ਹੈ ਅਤੇ ਇਸ ਨਾਲ ਕੋਰੋਨਾ ਵਾਇਰਸ ਫੈਲਣ ’ਚ ਮਦਦ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਸੂਬੇ ਵਿਚ ਕੋਵਿਡ ਫੈਲਾਉਣਗੇ ਅਤੇ ਫਿਰ ਚਲੇ ਜਾਣਗੇ। 


Tanu

Content Editor

Related News