ਕੇਜਰੀਵਾਲ ਦਾ ਭਾਜਪਾ 'ਤੇ ਇਲਜ਼ਾਮ, 'ਆਪ' ਦੇ 10 ਵਿਧਾਇਕ ਖ਼ਰੀਦਣ ਦੀ ਕੀਤੀ ਕੋਸ਼ਿਸ਼

Wednesday, Sep 14, 2022 - 05:00 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਪੰਜਾਬ ‘ਚ ਉਨ੍ਹਾਂ ਦੀ ਪਾਰਟੀ ਦੇ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਕੇਜਰੀਵਾਲ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਕੱਲ੍ਹ (ਮੰਗਲਵਾਰ) ਸਾਨੂੰ ਪਤਾ ਲੱਗਾ ਕਿ ਉਸ (ਭਾਜਪਾ) ਨੇ ਪੰਜਾਬ ਵਿਚ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ 'ਚ ਸਾਡੇ 10 ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਹ ਸਾਰੇ ਅੱਜ (ਬੁੱਧਵਾਰ) ਪ੍ਰੈਸ ਕਾਨਫਰੰਸ ਕਰਨਗੇ ਅਤੇ ਉਸ (ਭਾਜਪਾ) ਨੂੰ ਬੇਨਕਾਬ ਕਰਨਗੇ।

PunjabKesari

ਉਨ੍ਹਾਂ ਕਿਹਾ,''ਉਹ ਵਿਧਾਇਕਾਂ ਨੂੰ ਖਰੀਦ ਰਹੇ ਹਨ ਅਤੇ ਸਰਕਾਰਾਂ ਤੋੜ ਰਹੇ ਹਨ ਜੋ ਲੋਕਤੰਤਰ ਲਈ ਖਤਰਨਾਕ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹਰ ਸੂਬੇ 'ਚ ਪੈਸਿਆਂ ਦੇ ਜ਼ੋਰ ਰਾਹੀਂ ਜਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਏਜੰਸੀਆਂ ਦਾ ਡਰ ਦਿਖਾ ਕੇ ਵਿਧਾਇਕਾਂ ਨੂੰ ਖਰੀਦਣ ਲਈ 'ਆਪਰੇਸ਼ਨ ਲੋਟਸ' ਚਲਾ ਰਹੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਵਿਧਾਇਕਾਂ ਨੂੰ ਖਰੀਦਣ ਲਈ ਜਨਤਾ ਦੇ ਪੈਸਿਆਂ ਦੀ ਵਰਤੋਂ ਕਰ ਰਹੀ ਹੈ, ਜਿਸ ਨਾਲ ਦੇਸ਼ 'ਚ ਮਹਿੰਗਾਈ ਵਧ ਰਹੀ ਹੈ। ਉਨ੍ਹਾਂ ਨੇ ਗੋਆ 'ਚ ਕਾਂਗਰਸ ਦੇ 8 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਲੈ ਕੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਆਪਣੇ ਵਿਧਾਇਕਾਂ ਨੂੰ ਭਾਜਪਾ ਦਾ ਸ਼ਿਕਾਰ ਹੋਣ ਤੋਂ ਰੋਕ ਨਹੀਂ ਸਕੀ। ਉਨ੍ਹਾਂ ਕਿਹਾ,''ਜੋ ਪਾਰਟੀ ਵਿਧਾਇਕਾਂ ਨੂੰ ਖਰੀਦ ਰਹੀ ਹੈ ਅਤੇ ਗਲਤ ਕਰ ਰਹੀ ਹੈ, ਉਹ ਲੋਕਤੰਤਰ ਲਈ ਖਤਰਾ ਤਾਂ ਹੈ ਹੀ ਪਰ ਕਾਂਗਰਸ ਦੀ ਵੀ ਗਲਤੀ ਹੈ। ਕਿਉਂ ਸਿਰਫ਼ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ? ਇੰਨੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ (ਭਾਜਪਾ) ਸਾਡੇ ਵਿਧਾਇਕਾਂ ਨੂੰ ਕਿਉਂ ਨਹੀਂ ਖਰੀਦ ਪਾਉਂਦੀ।'' ਉਨ੍ਹਾਂ ਕਿਹਾ,''ਉਸ ਨੇ ਦਿੱਲੀ ਅਤੇ ਹੁਣ ਪੰਜਾਬ 'ਚ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਸ (ਭਾਜਪਾ) ਨੂੰ ਬੇਨਕਾਬ ਕਰ ਦਿੱਤਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News