ਭਾਜਪਾ ਸੰਸਦ ਮੈਂਬਰ ਦੇ ਪੁੱਤਰ ਨੇ ਆਪਣੇ ਸਾਲੇ ਤੋਂ ਖ਼ੁਦ ’ਤੇ ਚਲਵਾਈ ਗੋਲੀ: ਪੁਲਸ
Wednesday, Mar 03, 2021 - 03:40 PM (IST)
ਲਖਨਊ— ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ’ਤੇ ਮੰਗਲਵਾਰ ਦੇਰ ਰਾਤ ਹਮਲੇ ਦੇ ਮਾਮਲੇ ਵਿਚ ਅੱਜ ਨਵਾਂ ਮੋੜ ਆ ਗਿਆ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿਚ ਹਿਰਾਸਤ ’ਚ ਲਏ ਗਏ ਆਯੁਸ਼ ਦੇ ਸਾਲੇ ਆਦਰਸ਼ ਨੇ ਪੁੱਛ-ਗਿੱਛ ’ਚ ਖ਼ੁਲਾਸੇ ਕੀਤੇ ਹਨ। ਆਦਰਸ਼ ਨੇ ਖ਼ੁਲਾਸਾ ਕੀਤਾ ਹੈ ਕਿ ਉਸ ਦੇ ਜੀਜਾ ਨੇ ਖ਼ੁਦ ਆਪਣੇ ਉੱਪਰ ਗੋਲੀ ਚਲਵਾਈ ਸੀ। ਇਸ ਘਟਨਾ ਨੂੰ ਕੁਝ ਲੋਕਾਂ ਨੂੰ ਫਸਾਉਣ ਲਈ ਜਾਣਬੁੱਝ ਕੇ ਅੰਜ਼ਾਮ ਦਿੱਤਾ ਗਿਆ ਸੀ। ਆਦਰਸ਼ ਨੇ ਗੋਲੀ ਚਲਾਉਣ ਦੀ ਗੱਲ ਕਬੂਲ ਕੀਤੀ ਹੈ। ਆਦਰਸ਼ ਨੇ ਪੁਲਸ ਪੁੱਛ-ਗਿੱਛ ’ਚ ਦੱਸਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਕਿਸੇ ਨੂੰ ਫਸਾਉਣ ਦੀ ਸਾਜਿਸ਼ ਸੀ।
ਪੁਲਸ ਕਮਿਸ਼ਨਰ ਡੀ. ਕੇ. ਠਾਕੁਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਨੂੰ ਗੋਲੀ ਮਾਰੀ ਗਈ, ਇਸ ਘਟਨਾ ’ਚ ਆਯੁਸ਼ ਮਾਮੂਲੀ ਰੂਪ ਨਾਲ ਜ਼ਖਮੀ ਹੋਇਆ ਸੀ। ਇਹ ਘਟਨਾ 2-3 ਮਾਰਚ ਦੀ ਦਰਮਿਆਨੀ ਰਾਤ ਸਵਾ ਦੋ ਵਜੇ ਸੀਤਾਪੁਰ ਮਾਰਗ ’ਤੇ ਵਾਪਰੀ। ਆਯੁਸ਼ ਨੂੰ ਟਰਾਮਾ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਓਧਰ ਭਾਜਪਾ ਸੰਸਦ ਮੈਂਬਰ ਕੌਸ਼ਲ ਕਿਸ਼ੋਰ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਵਾਰਦਾਤ ਹੋਈ ਤਾਂ ਉਸ ਦਾ ਸਾਲਾ ਨਾਲ ਸੀ। ਆਯੁਸ਼ ਨੇ ਲਵ ਮੈਰਿਜ ਕੀਤੀ ਸੀ, ਇਸ ਲਈ ਅਸੀਂ ਉਸ ਨਾਲ ਨਾਅਤਾ ਤੋੜ ਦਿੱਤਾ ਸੀ। ਉਸ ਨੇ ਖ਼ੁਦਕੁਸ਼ੀ ਦੀ ਧਮਕੀ ਦਿੱਤੀ ਸੀ। ਆਯੁਸ਼ ਆਪਣੇ ਪਰਿਵਾਰ ਤੋਂ ਵੱਖ ਰਹਿ ਰਿਹਾ ਸੀ। ਉਨ੍ਹਾਂ ਦੇ ਵਿਆਹ ਤੋਂ ਪਰਿਵਾਰ ਖੁਸ਼ ਨਹੀਂ ਸੀ। ਆਯੁਸ਼ ਦੀ ਪਤਨੀ ਵੀ ਜਾਂਚ ਦੇ ਦਾਇਰੇ ਵਿਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹੁਣ ਆਯੁਸ਼ ਦੀ ਪਤਨੀ ਤੋਂ ਵੀ ਪੁੱਛ-ਗਿੱਛ ਕਰੇਗੀ।