ਰਾਜਸਥਾਨ ''ਚ ਭਾਜਪਾ ਵਿਧਾਇਕ ਜੈਦੀਪ ਬਿਹਾਣੀ ''ਤੇ ਹਮਲਾ, ਪੁਲਸ ਵੱਲੋਂ 3 ਗ੍ਰਿਫ਼ਤਾਰ
Thursday, Apr 30, 2026 - 06:44 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਗੰਗਾਨਗਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਜੈਦੀਪ ਬਿਹਾਣੀ 'ਤੇ ਜਨ ਸੁਣਵਾਈ ਦੌਰਾਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਸਰਕਾਰੀ ਇੰਜੀਨੀਅਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਿਵੇਂ ਹੋਈ ਘਟਨਾ?
ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਸਵੇਰੇ ਕਰੀਬ 11 ਵਜੇ ਜਵਾਹਰ ਨਗਰ ਇਲਾਕੇ ਦੇ ਐਸ.ਡੀ. ਬਿਹਾਣੀ ਕਾਲਜ ਵਿੱਚ ਵਾਪਰੀ। ਵਿਧਾਇਕ ਜੈਦੀਪ ਬਿਹਾਣੀ ਉੱਥੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਹੁੰਚੇ ਹੋਏ ਸਨ। ਵਿਧਾਇਕ ਨੇ ਦੋਸ਼ ਲਾਇਆ ਕਿ ਜਨ ਸੁਣਵਾਈ ਦੌਰਾਨ ਰਾਜਸਥਾਨ ਸ਼ਹਿਰੀ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟ (RUIDP) ਦੇ ਇੱਕ ਸਹਾਇਕ ਇੰਜੀਨੀਅਰ ਨੇ ਦੋ ਹੋਰ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਵਿਧਾਇਕ ਦੀ ਅੱਖ ਤੇ ਚਿਹਰੇ 'ਤੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਚਸ਼ਮਾ ਵੀ ਟੁੱਟ ਗਿਆ ਹੈ।
ਇਨ੍ਹਾਂ ਲੋਕਾਂ ਦੀ ਹੋਈ ਗ੍ਰਿਫ਼ਤਾਰੀ
ਵਿਧਾਇਕ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਸਹਾਇਕ ਇੰਜੀਨੀਅਰ ਜਗਨਲਾਲ ਬੈਰਵਾ, ਪ੍ਰੋਜੈਕਟ ਮੈਨੇਜਰ ਸ਼ਾਹਨਵਾਜ਼ ਅਤੇ ਨਿੱਜੀ ਕੰਪਨੀ 'ਲਾਰਸਨ ਐਂਡ ਟੂਬਰੋ' (L&T) ਨਾਲ ਜੁੜੇ ਯੋਜਨਾ ਪ੍ਰਬੰਧਕ ਸੋਹੇਲ ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਾਣੀ ਦੀ ਕਿੱਲਤ ਨੂੰ ਲੈ ਕੇ ਹੋ ਰਹੀ ਸੀ ਚਰਚਾ
ਦੱਸਿਆ ਜਾ ਰਿਹਾ ਹੈ ਕਿ ਇਹ ਜਨ ਸੁਣਵਾਈ ਸ਼ਹਿਰ ਦੇ ਪੁਰਾਣੀ ਆਬਾਦੀ ਅਤੇ ਕਰਨਪੁਰ ਰੋਡ ਸਮੇਤ ਕਈ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਬੁਲਾਈ ਗਈ ਸੀ। ਇਨ੍ਹਾਂ ਇਲਾਕਿਆਂ ਦੇ ਨਿਵਾਸੀ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।
ਪੁਲਸ ਜਾਂਚ ਜਾਰੀ
ਥਾਣਾ ਮੁਖੀ ਦੇਵੇਂਦਰ ਸਿੰਘ ਰਾਠੌੜ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਕੀ ਇਹ ਘਟਨਾ ਵਿਧਾਇਕ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਗਾਲੀ-ਗਲੋਚ ਤੋਂ ਬਾਅਦ ਵਾਪਰੀ ਅਤੇ ਕੀ ਇਸ ਦੌਰਾਨ ਅਧਿਕਾਰੀਆਂ 'ਤੇ ਵੀ ਹਮਲਾ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
