ਅਮਿਤ ਸ਼ਾਹ ਨਾਲ ਮੁਲਾਕਾਤ ਕਰ ਫਤਿਹ ਬਾਜਵਾ ਬੋਲੇ, ਪੰਜਾਬ ’ਚ ਲੱਗਣਾ ਚਾਹੀਦੈ ਰਾਸ਼ਟਰਪਤੀ ਸ਼ਾਸਨ

05/31/2022 4:01:45 PM

ਨਵੀਂ ਦਿੱਲੀ (ਕਮਲ ਕਾਂਸਲ)– ਭਾਜਪਾ ਆਗੂ ਫਤਿਹ ਜੰਗ ਸਿੰਘ ਬਾਜਵਾ ਨੇ ਪੰਜਾਬ ਵਿਚ ਵਿਗੜ ਰਹੀ ਅਮਨ-ਕਾਨੂੰਨ ਵਿਵਸਥਾ ’ਤੇ ਚਰਚਾ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ’ਚ ਉਨ੍ਹਾਂ ਨੇ ਸ਼ਾਹ ਤੋਂ ਮੰਗ ਕੀਤੀ ਹੈ ਕਿ ਪੰਜਾਬ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਗ੍ਰਹਿ ਮੰਤਰੀ ਵੀ ਪੰਜਾਬ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਾ ’ਚ ਸਨ। 

ਸ਼ਾਹ ਨਾਲ ਮੁਲਾਕਾਤ ਮਗਰੋਂ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੀ.ਆਈ. ਪੀਜ਼ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਸਕਿਓਰਿਟੀ ਮਿਲੀ ਹੈ, ਉਸ ਨੂੰ ਲੋਕਾਂ ’ਚ ਦੱਸਣਾ ਕਿ ਇਨ੍ਹਾਂ ਲੋਕਾਂ ਦੀ ਸਕਿਓਰਿਟੀ ਲਈ ਗਈ ਹੈ ਇਹ ਵੱਡੀ ਗਲਤੀ ਹੈ। ਸਿੱਧੂ ਮੂਸੇਵਾਲਾ ਦਾ ਨੁਕਸਾਨ ਵੀ ਇਸ ਸਕਿਓਰਿਟੀ ਨੂੰ ਵਾਪਸ ਲੈਣ ਕਰ ਕੇ ਹੀ ਹੋਇਆ, ਕਿਉਂਕਿ ਉਸ ਦੇ ਜਿਹੜੇ ਵਿਰੋਧੀ ਸਨ, ਉਨ੍ਹਾਂ ਨੂੰ ਮੌਕਾ ਮਿਲ ਗਿਆ। ਜਦੋਂ ਇਕ ਵੱਡਾ ਸਟਾਰ ਜਾਂ ਗਾਇਕ ਜਿਸ ਦੇ ਦੁਨੀਆ ਭਰ ’ਚ ਪ੍ਰਸ਼ੰਸਕ ਹੋਣ ਤਾਂ ਲੋਕਾਂ ’ਤੇ ਉਸ ਦਾ ਅਸਰ ਤਾਂ ਜ਼ਰੂਰ ਹੋਵੇਗਾ। 

ਬਾਜਵਾ ਨੇ ਇਸ ਦੇ ਨਾਲ ਹੀ ਕਿਹਾ ਕਿ ਅੱਜ ਜੇਕਰ ਤੁਸੀਂ ਦਿੱਲੀ ਜਾਂ ਬਾਹਰਲੇ ਸੂਬੇ ਦੇ ਲੋਕਾਂ ਨੂੰ ਪੁੱਛੋਗੇ ਤਾਂ ਉਹ ਪੰਜਾਬ ਜਾਣ ਤੋਂ ਡਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਮਨ ’ਚ ਖ਼ੌਫ ਪੈਦਾ ਹੋ ਗਿਆ ਕਿ ਉੱਥੇ ਦਿਨ-ਦਿਹਾੜੇ ਕਤਲ ਹੋ ਰਹੇ ਹਨ। ਇਸੇ ਸਥਿਤੀ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਚਿੰਤਾ ’ਚ ਸਨ ਅਤੇ ਉਨ੍ਹਾਂ ਕਿਹਾ ਕਿ ਅਸੀਂ ਕੁਝ ਨਾ ਕੁਝ ਇਸ ਬਾਰੇ ਸੋਚਾਂਗੇ। ਮੈਂ ਵੀ ਇਹ ਹੀ ਗੱਲ ਕੀਤੀ ਹੈ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਜੇਕਰ ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਤੋਂ ਸਥਿਤੀ ਨਹੀਂ ਸੰਭਲਦੀ ਤਾਂ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰੋ, ਨਹੀਂ ਤਾਂ ਪੰਜਾਬ ਦੀ ਸਥਿਤੀ ਬਹੁਤ ਖਰਾਬ ਹੋਣ ਵਾਲੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ’ਚ ਰੋਜ਼ਾਨਾ ਕਤਲ ਹੋ ਰਹੇ ਹਨ। ਲੋਕ ਚਿੰਤਾ ’ਚ ਹਨ ਅਤੇ ਕੋਈ ਪੰਜਾਬ ’ਚ ਜਾਣ ਲਈ ਤਿਆਰ ਨਹੀਂ ਹੈ। ਸ਼੍ਰੀਲੰਕਾ ਟੁੱਟ ਗਿਆ, ਸ਼੍ਰੀਲੰਕਾ ਦੀ ਸਥਿਤੀ ਨਾਲੋਂ ਵੀ ਅੱਜ ਪੰਜਾਬ ਦੀ ਮਾੜੀ ਸਥਿਤੀ ਹੈ।


Tanu

Content Editor

Related News